ਪ੍ਰਕਾਸ਼ ਪੁਰਬ ਬਾਰੇ ਸਰਕਾਰੀ ਇਸ਼ਤਿਹਾਰ ਤੋਂ ਰੇੜਕਾ

ਪ੍ਰਕਾਸ਼ ਪੁਰਬ ਬਾਰੇ ਸਰਕਾਰੀ ਇਸ਼ਤਿਹਾਰ ਤੋਂ ਰੇੜਕਾ

ਨੈਪੋਲੀਅਨ ਦੀ ਤਸਵੀਰ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਜਾਰੀ ਇਸ਼ਤਿਹਾਰ ਵਿੱਚ ਕੰਪਿਊਟਰ ਰਾਹੀਂ ਨੈਪੋਲੀਅਨ ਦੀ ਫੋਟੋ ਨਾਲ ਕਥਿਤ ਛੇੜਛਾੜ ਕਰ ਕੇ ਉਸ ਨੂੰ ਗੁਰੂ ਸਾਹਿਬ ਦੀ ਤਸਵੀਰ ਵਜੋਂ ਪੇਸ਼ ਕਰਨ ਦੇ ਮਾਮਲੇ ‘ਤੇ ਸਰਕਾਰ ਉਤੇ ਨਿਸ਼ਾਨਾ ਸੇਧਿਆ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਿੱਖ ਸੰਗਤ ਤੋਂ ਮੁਆਫ਼ੀ ਮੰਗੇ ਤੇ ਦੋਸ਼ੀ ਅਧਿਕਾਰੀਆਂ  ਅਤੇ ਇਸ਼ਤਿਹਾਰ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਪੰਜਾਬ ਸਰਕਾਰ ਨੇ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਫੋਟੋ ਸਿੱਖਇਜ਼ਮ ਵੈੱਬਸਾਈਟ ਤੋਂ ਲਈ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਅਸਲ ਤਸਵੀਰ 1800 ਈਸਵੀ ਦੀ ਹੈ, ਜੋ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਇੱਕ ਸਦੀ  ਬਾਅਦ ਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਅਨੇਕ ਤਸਵੀਰਾਂ ਹੁੰਦਿਆਂ ਵੀ ਸਰਕਾਰੀ ਅਧਿਕਾਰੀਆਂ ਨੇ ਨੈਪੋਲੀਅਨ ਵਾਲੀ ਤਸਵੀਰ ਨਾਲ ਛੇੜਛਾੜ ਕਰ ਕੇ ਗੁਰੂ ਸਾਹਿਬ ਨੂੰ ਉਸੇ ਘੋੜੇ ‘ਤੇ ਸਵਾਰ ਦਰਸਾਉਣ ਦਾ ਪਾਪ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਨਾ ਤਾਂ ਇਹ  ਤਸਵੀਰ ਕਿਸੇ ਹੋਰ ਤਸਵੀਰ ਦੀ ਨਕਲ ਕਰਕੇ ਬਣਾਈ ਹੈ ਤੇ ਨਾ ਹੀ ਤੋੜੀ-ਮਰੋੜੀ ਹੈ, ਬਲਕਿ ਇਹ ਸਿੱਖ ਧਰਮ ਨਾਲ ਸਬੰਧਤ ਇੱਕ ਵੈੱਬਸਾਈਟ ਤੋਂ ਲਈ ਗਈ ਹੈ।  ਬੁਲਾਰੇ ਨੇ ਕਿਹਾ ਕਿ ਅਕਾਲੀ ਦਲ ਨੇ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਇੱਕ ਮੀਡੀਆ ਰਿਪੋਰਟ ਨੂੰ ਆਧਾਰ ਬਣਾ ਕੇ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ।