ਬਿਹਾਰ ਸਰਕਾਰ ਦਸਵੇਂ ਪਾਤਸ਼ਾਹ ਦੇ ਸਤਿਕਾਰ ‘ਚ ਬਣਾਏਗੀ ਯਾਦਗਾਰੀ ਪਾਰਕ

ਬਿਹਾਰ ਸਰਕਾਰ ਦਸਵੇਂ ਪਾਤਸ਼ਾਹ ਦੇ ਸਤਿਕਾਰ ‘ਚ ਬਣਾਏਗੀ ਯਾਦਗਾਰੀ ਪਾਰਕ

ਬਿਹਾਰ ਸਰਕਾਰ ਵੱਲੋਂ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਪਾਰਕ ਉਸਾਰਨ ਦਾ ਐਲਾਨ
ਲੰਗਰ ਦੀ ਸੇਵਾ ਕਰਦੇ ਹੋਏ ਨਿਤੀਸ਼ ਕੁਮਾਰ।
ਅੰਮ੍ਰਿਤਸਰ/ਬਿਊਰੋ ਨਿਊਜ਼:
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਵਿੱਚ ਸਥਾਪਤ ਗੁਰਦੁਆਰਾ ਗੁਰੂ ਕਾ ਬਾਗ ਨੇੜੇ ਦਸਵੇਂ ਪਾਤਸ਼ਾਹ ਦੀ ਯਾਦ ਵਿੱਚ ਯਾਦਗਾਰੀ ਪਾਰਕ ਬਣਾਉਣ ਦਾ ਐਲਾਨ ਕੀਤਾ ਹੈ। ਉਹ ਗੁਰਦੁਆਰਾ ਬਾਲ ਲੀਲਾ ਵਿਖੇ ਸੰਗਤ ਦੀ ਆਮਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਸਨ। ਇੱਥੇ ਸੰਗਤ ਦੀ ਰਿਹਾਇਸ਼ ਅਤੇ ਲੰਗਰ ਵਾਸਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ।
ਸੰਪਰਦਾ ਭੂਰੀ ਵਾਲਿਆਂ ਦੇ ਬੁਲਾਰੇ ਭਾਈ ਰਾਮ ਸਿੰਘ ਨੇ ਦੱਸਿਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗੁਰਦੁਆਰਾ ਬਾਲ ਲੀਲਾ ਵਿਖੇ ਮੱਥਾ ਟੇਕਿਆ ਅਤੇ ਸੰਗਤ ਦੀ ਰਿਹਾਇਸ਼ ਤੇ ਲੰਗਰ ਵਾਸਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਮੁੱਖ ਮੰਤਰੀ ਨੇ ਆਖਿਆ ਕਿ ਬਿਹਾਰ ਸਰਕਾਰ ਸੰਗਤ ਦੀ ਸੇਵਾ ਤੇ ਸਤਿਕਾਰ ਨੂੰ ਸਮਰਪਿਤ ਹੈ। ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਯਾਦਗਾਰੀ ਪਾਰਕ ਬਣਾਉਣ ਦਾ  ਐਲਾਨ ਕੀਤਾ, ਜਿਸ ਲਈ ਲੋੜੀਂਦੇ ਫੰਡ ਵੀ ਜਾਰੀ ਕੀਤੇ ਗਏ। ਗੁਰਦੁਆਰੇ ਨਾਲ ਉਸਾਰੇ ਜਾਣ ਵਾਲੇ ਇਸ ਪਾਰਕ ਵਿੱਚ ਸੁੰਦਰ ਲੈਂਡ ਸਕੇਪਿੰਗ ਅਤੇ ਬੇਸ਼ਕੀਮਤੀ ਪੱਥਰ ਲਾਇਆ ਜਾਵੇਗਾ। ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਉਨ੍ਹਾਂ ਇਸ ਸਬੰਧੀ ਲੋੜੀਂਦੇ ਨਿਰਦੇਸ਼ ਵੀ ਦਿੱਤੇ ਅਤੇ ਹਦਾਇਤ ਕੀਤੀ ਕਿ ਇਸ ਮਾਮਲੇ ਵਿੱਚ ਸਿੱਖ ਸੰਪਰਦਾ ਕੋਲੋਂ ਵੀ ਸਹਿਯੋਗ ਲਿਆ ਜਾਵੇ। ਦੱਸਣਯੋਗ ਹੈ ਬਿਹਾਰ ਸਰਕਾਰ ਵੱਲੋਂ 351ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਸੰਪਰਦਾ ਭੂਰੀ ਵਾਲਿਆਂ ਵੱਲੋਂ ਲਗਭਗ 20 ਹਜ਼ਾਰ ਸੰਗਤ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਪ੍ਰਬੰਧ ਗੁਰਦੁਆਰਾ ਬਾਲ ਲੀਲਾ ਨੇੜੇ ਬਣਾਈ ਗਈ ਰਾਜ ਮਾਤਾ ਵਿਸ਼ੰਬਰਾ ਦੇਵੀ ਯਾਤਰੀ ਨਿਵਾਸ  ਤੋਂ ਇਲਾਵਾ ਟੈਂਟ ਸਿਟੀ ਅਤੇ ਪਟਨਾ ਦੇ 30 ਹੋਟਲਾਂ ਵਿੱਚ ਕੀਤਾ ਗਿਆ ਹੈ। ਸੰਪਰਦਾ ਵੱਲੋਂ ਮੁੱਖ ਮੰਤਰੀ ਨੂੰ ਗੁਰਦੁਆਰਾ ਗੋਬਿੰਦ ਸਿੰਘ ਮਾਰਗ ਤੋਂ ਬਾਈਪਾਸ ਟੈਂਟ ਸਿਟੀ ਤੱਕ ਰਸਤੇ ਦੇ ਦੋਵੇਂ ਪਾਸੇ ਛਾਂਦਾਰ ਤੇ ਫਲਦਾਰ ਬੂਟੇ ਲਾਉਣ ਦੀ ਸੇਵਾ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ ਮੁੱਖ ਮੰਤਰੀ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਸੰਪਰਦਾ ਮੁਖੀ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।