ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਕੈਪਟਨ ਨੇ ਖਹਿਰਾ ਤੇ ਬੈਂਸ ਭਰਾਵਾਂ ਉੱਤੇ ਅਚਨਚੇਤ ‘ਹੱਲਾ ਬੋਲਿਆ’

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਕੈਪਟਨ ਨੇ ਖਹਿਰਾ ਤੇ ਬੈਂਸ ਭਰਾਵਾਂ ਉੱਤੇ ਅਚਨਚੇਤ ‘ਹੱਲਾ ਬੋਲਿਆ’

ਕੈਪਸ਼ਨ : ਪੰਜਾਬ ਵਿਧਾਨ ਸਭਾ ਵਿੱਚ ਨਿੰਦਾ ਮਤਾ ਪੇਸ਼ ਕਰਦੇ ਹੋਏ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਠੇ ਵਿਖਾਈ ਦੇ ਰਹੇ ਹਨ।
ਚੰਡੀਗੜ/ਬਿਊਰੋ ਨਿਊਜ:
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਅੰਤਿਮ ਦਿਨ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ‘ਲੋਕ ਇਨਸਾਫ਼ ਪਾਰਟੀ’ ਦੇ ਵਿਧਾਇਕਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਲਿਆਂਦੇ ਮਤੇ ਨੇ ਸੂਬੇ ਦਾ ਸਿਆਸੀ ਮਾਹੌਲ ਭਖਾ ਦਿੱਤਾ ਹੈ। ਸਰਕਾਰੀ ਧਿਰ ਨੇ ‘ਰਿਸ਼ਵਤਖੋਰੀ ਦੀ ਆਡੀਓ’ ਮਾਮਲੇ ‘ਤੇ ਵਿਰੋਧੀ ਧਿਰ ਦੇ ਨੇਤਾ ਅਤੇ ਬੈਂਸ ਭਰਾਵਾਂ ਵਿਰੁੱਧ ਨਿਸ਼ਾਨਾ ਸਾਧਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਇਕ ਬੈਂਸ ਭਰਾਵਾਂ ਵੱਲੋਂ 35 ਲੱਖ ਰੁਪਏ ਦੀ ਕਥਿਤ ਆਡੀਓ ਟੇਪ ਜਨਤਕ ਕਰਨ ਦੇ ਮਾਮਲੇ ‘ਤੇ ਲਿਆਂਦੇ ਮਤੇ ਕਾਰਨ ਸਦਨ ‘ਚ ਨਿੰਦਾ ਮਤਾ ਪੇਸ਼ ਕੀਤਾ ਗਿਆ। ਮਤੇ ਰਾਹੀਂ ਸਦਨ ਨੇ ਬੈਂਸ ਭਰਾਵਾਂ ਵੱਲੋਂ ਜਾਰੀ ਆਡੀਓ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ।
ਸਦਨ ਵਿੱਚ  ਅਚਨਚੇਤ ਵਾਪਰੇ ਇਸ ਘਟਨਕ੍ਰਮ ਕਾਰਨ ‘ਆਪ’ ਵਿਧਾਇਕਾਂ ਸਮੇਤ ਹਾਜ਼ਰ ਜ਼ਿਆਦਾਤਰ ਵਿਧਾਇਕਾਂ ਨੂੰ ‘ਹੈਰਾਨੀ’ ਹੋਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਭਾਵੇਂ ਸਦਨ ਵਿੱਚੋਂ ਗੈਰਹਾਜ਼ਰ ਸਨ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਮਾਮਲੇ ‘ਤੇ ਕੋਈ ਦਖ਼ਲ ਨਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚੁੱਪ-ਚਾਪ ਆਪਣੀ ਸੀਟ ‘ਤੇ ਬੈਠੇ ਰਹੇ।
ਵਿਧਾਨਿਕ ਕੰਮ ਨਿਪਟਾਉਣ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਸਰਕਾਰੀ ਮਤਾ ਲਿਆਉਣ ਲਈ ਕਿਹਾ ਤਾਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਸਰਕਾਰੀ ਮਤਾ ਲਿਆਉਣ ਤੋਂ ਪਹਿਲਾਂ ਇੱਕ ਹੋਰ ਗੱਲ ਕਰਨੀ ਹੈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਮਤਾ ਪੇਸ਼ ਕਰਦਿਆਂ ਕਿਹਾ ਕਿ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਖਹਿਰਾ ਦੇ ਮਾਮਲੇ ਨਾਲ ਸਬੰਧਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਸਬੰਧੀ ਗੈਰ-ਜ਼ਿੰਮੇਵਾਰਨਾ ਢੰਗ ਨਾਲ ਇੱਕ ਜੱਜ ਨੂੰ ਕਥਿਤ ਤੌਰ ‘ਤੇ 35 ਲੱਖ ਰੁਪਏ ਦੀ ਰਕਮ ਦੇਣ ਦਾ ਦਾਅਵਾ ਕਰਨ ਵਾਲੀ ਜੋ ਆਡੀਓ ਜਾਰੀ ਕੀਤੀ ਹੈ, ਸਦਨ ਉਸ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸਦਨ, ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਬੇਨਤੀ ਕਰਦਾ ਹੈ ਕਿ ਇਸ ਘਟਨਾ ਦਾ ਖ਼ੁਦ ਨੋਟਿਸ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇ।
ਸਦਨ ਵਿੱਚ ਮਤਾ ਆਉਣ ਕਾਰਨ ਇਸ ਮਾਮਲੇ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਗਈ। ਮਤਾ ਪੇਸ਼ ਕਰਦਿਆਂ ਹੀ ‘ਆਪ’ ਦੇ ਵਿਧਾਇਕ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ। ਸਦਨ ਵਿੱਚ ਮਤਾ ਪੇਸ਼ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਕੋਝੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਕਾਰਵਾਈ ਦੇ ਆਧਾਰ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਪੁਲੀਸ ‘ਤੇ ਤਾਂ ਸੀਨੀਅਰ ਅਫ਼ਸਰ ਹੀ ਭਰੋਸਾ ਨਹੀਂ ਕਰ ਰਹੇ। ਇਸ ਦੀ ਮਿਸਾਲ ਮੋਗੇ ਦੇ ਐਸ.ਐਸ.ਪੀ. ਵੱਲੋਂ ਗ੍ਰਹਿ ਵਿਭਾਗ ਨੂੰ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਾਉਣ ਲਈ ਚਿੱਠੀ ਲਿਖਣਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਮੁਲਾਕਾਤ ਕਰ ਕੇ ਵੀ ਇਨਸਾਫ਼ ਤੇ ਜਾਂਚ ਦੀ ਮੰਗ ਕਰ ਚੁੱਕੇ ਹਨ। ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਇਸ ਮਤੇ ਰਾਹੀਂ ਵੀ ਚੀਫ਼ ਜਸਟਿਸ ਨੂੰ ਜਾਂਚ ਦੀ ਬੇਨਤੀ ਹੀ ਕੀਤੀ ਗਈ ਹੈ। ‘ਆਪ’ ਵਿਧਾਇਕਾਂ ਅਤੇ ਬੈਂਸ ਭਰਾਵਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਧਾਇਕ ਕੰਵਰ ਸੰਧੂ ਨੇ ਵੀ ਸਰਕਾਰੀ ਧਿਰ ਦੀ ਕਾਰਵਾਈ ਦਾ ਵਿਰੋਧ ਕੀਤਾ। ‘ਆਪ’ ਵਿਧਾਇਕਾਂ ਨੇ ਸਦਨ ਵਿੱਚੋਂ ਵਾਅਕਆਊਟ ਕਰ ਦਿੱਤਾ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਮਤਾ ਬਹੁਸੰਮਤੀ ਨਾਲ ਪਾਸ ਕਰਨ ਦਾ ਐਲਾਨ ਕੀਤਾ।