ਹਾਦਸੇ ‘ਚ ਐਨਆਰਆਈ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ

ਹਾਦਸੇ ‘ਚ ਐਨਆਰਆਈ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ

ਤਪਾ ਮੰਡੀ/ਬਿਊਰੋ ਨਿਊਜ਼:
ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਤਪਾ ਨੇੜੇ ਐਤਵਾਰ ਸਵੇਰੇ ਸਾਢੇ 9 ਵਜੇ ਵਾਪਰੇ ਹਾਦਸੇ ‘ਚ ਐਨਆਰਆਈ ਪਰਿਵਾਰ ਸਮੇਤ ਚਾਰ ਵਿਅਕਤੀ ਹਲਾਕ ਹੋ ਗਏ। ਐਨਆਰਆਈ ਪਰਿਵਾਰ ਪ੍ਰਵੀਨ ਕੁਮਾਰ (50 ਸਾਲ) ਪਤਨੀ ਰੀਤੂ (45 ਸਾਲ) ਅਤੇ ਪੁੱਤਰ ਮੌਂਟੀ (3 ਸਾਲ) ਵਾਲੀ ਕਾਰ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਮਗਰੋਂ ਕਾਰ ਪਲਟੀਆਂ ਖਾਂਦੀ ਹੋਈ ਖਤਾਨਾਂ ‘ਚ ਡਿੱਗ ਗਈ ਅਤੇ ਉਨ੍ਹਾਂ ਦਮ ਤੋੜ ਦਿੱਤਾ। ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਹੰਡਿਆਇਆ ਦੇ ਅਮਨ ਕੁਮਾਰ ਦੀ ਵੀ ਮੌਤ ਹੋ ਗਈ। ਐਨਆਰਆਈ ਪਰਿਵਾਰ ਦਾ ਦੋਸਤ ਅਸ਼ੋਕ ਕੁਮਾਰ ਜ਼ਖ਼ਮੀ ਹੋ ਗਿਆ। ਫੋਰਡ ਗੱਡੀ  ਵਿੱਚ ਸਵਾਰ ਚਾਰ ਜਣੇ ਪਾਣੀਪਤ (ਹਰਿਆਣਾ) ਤੋਂ ਬਠਿੰਡਾ ਨੂੰ ਜਾ ਰਹੇ ਸਨ। ਜਦੋਂ ਉਹ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਤਪਾ-ਘੁੰਨਸ ਵਿਚਕਾਰ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਤਪਾ ਨੇੜੇ  ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਅੱਗੇ ਜਾ ਰਹੇ ਮੋਟਸਾਈਕਲ ਨਾਲ ਟਕਰਾ ਗਈ। ਨਤੀਜੇ ਵਜੋਂ ਮੋਟਰਸਾਈਕਲ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ਕਈ ਪਲਟੀਆਂ ਖਾਂਦੀ ਹੋਈ ਖਤਾਨਾਂ ਵਿੱਚ ਡਿੱਗ ਗਈ। ਸੂਚਨਾ ਮਿਲਦਿਆਂ ਹੀ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੇ ਵਾਲੰਟੀਅਰ ਘਟਨਾ ਵਾਲੀ ਥਾਂ ‘ਤੇ ਐਂਬੂਲੈਂਸ ਲੈ ਕੇ ਪਹੁੰਚੇ। ਉਨ੍ਹਾਂ ਜ਼ਖ਼ਮੀਆਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਐਨਆਰਆਈ ਪ੍ਰਵੀਨ ਕੁਮਾਰ ਉਸ ਦੀ ਪਤਨੀ ਰੀਤੂ ਅਤੇ ਪੁੱਤਰ ਮੌਂਟੀ  ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।