ਦਿਆਲ ਸਿੰਘ ਕਾਲਜ ਦਾ ਨਾਂਅ ਬਦਲੇ ਜਾਣ ਦੀ ਤਜਵੀਜ਼ ਦਾ ਵੱਡੀ ਪੱਧਰ ਉੱਤੇ ਵਿਰੋਧ

ਦਿਆਲ ਸਿੰਘ ਕਾਲਜ ਦਾ ਨਾਂਅ ਬਦਲੇ ਜਾਣ ਦੀ ਤਜਵੀਜ਼ ਦਾ ਵੱਡੀ ਪੱਧਰ ਉੱਤੇ ਵਿਰੋਧ

ਅਪਣੀ ਜ਼ਿਦ ਪੁਗਾਉਣ ਲਈ ਅੜੇ ਹੋਏ ਨੇ ਹਿੰਦੂਤਵੀ ਸੋਚ ਵਾਲੇ ਪ੍ਰਬੰਧਕ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਯੂਨੀਵਰਸਿਟੀ ਅਧੀਨ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਵੰਦੇਮਾਤਰਮ ਰੱਖੇ ਜਾਣ ਦੇ ਤਜ਼ਵੀਜ ਦੇ ਵਿਰੁੱਧ ਸਿੱਖਾਂ ਵਲੋਂ ਭਾਰੀ ਨਾਰਾਜ਼ਗੀ ਜਤਾਈ ਜਾ ਰਹੀ ਹੈ ਅਤੇ ਦਿੱਲੀ ਦੇ ਸਿੱਖ ਆਗੂਆਂ ਵਲੋਂ ਵੀ ਉਕਤ ਮਾਮਲੇ ਬਾਰੇ ਸਖ਼ਤ ਰੁਖ਼ ਅਖਤਿਆਰ ਕੀਤਾ ਜਾ ਚੁੱਕਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਉਕਤ ਤਜਵੀਜ਼ ਰੱਦ ਨਾ ਕਰਨ ਦੀ ਸੂਰਤ ‘ਚ ਸੜਕਾਂ ‘ਤੇ ਉਤਰ ਕੇ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਨਾਲ ਹੀ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਦੇ ਖਿਲਾਫ਼ ਪੁਲਿਸ ਲੋਧੀ ਰੋਡ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਉੱਥੇ ਹੀ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਵਿਰੋਧ ਸਿਰਫ ਦਿੱਲੀ ਨਹੀਂ ਬਲਕਿ ਵਿਦੇਸ਼ਾਂ ‘ਚੋਂ ਵੀ ਵੱਡੀ ਗਿਣਤੀ ‘ਚ ਫੋਨ ਰਾਹੀਂ ਸਿੱਖਾਂ ਵਲੋਂ ਇਤਰਾਜ ਜਤਾਇਆ ਜਾ ਰਿਹਾ ਹੈ।
ਸਿਰਸਾ ਤੇ ਤਰਲੋਚਨ ਸਿੰਘ ਸਾਂਝੇ ਤੌਰ ‘ਤੇ ਕਿਹਾ ਕਿ ਅਸੀਂ ਦਿਆਲ ਸਿੰਘ ਕਾਲਜ ਦੇ ਟਰੱਸਟ ਦੀ ਗਵਰਨਿੰਗ ਬਾਡੀ ਦੀ ਨਾਂਅ ਬਦਲ ਕੇ ਵੰਦੇਮਾਤਰਮ ਕਾਲਜ ਰੱਖਣ ਦੀ ਤਜਵੀਜ ਦੀ ਸਖ਼ਤ ਨਿਖੇਧੀ ਕਰਦੇ ਹੋਏ, ਇਸ ਤਜਵੀਜ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਪਰ ਹਿੰਦੂਤਵੀ ਪ੍ਰਬੰਧਕ ਕਾਲਜ ਦਾ ਨਾਂਅ ਬਲਦਣ ਦੀ ਜ਼ਿਦ ਪੁਗਾਉਣ ਲਈ ਅੜੇ ਹੋਏ ਹਨ ਜਦੋਂ ਕਿ ਭਾਰਤੀ ਜਨਤਾ ਪਾਰਟੀ, ਜਿਸਦੀ ਦੇਸ਼ ਦੀਆਂ ਘੱਟ ਗਿਣਤੀਆਂ ਵਿਰੁਧ ਸਾਜ਼ਿਸਾਂ ਨੂੰ ਅਮਲੀ ਰੂਪ ਦੇਣ ਵਾਲੇ ਅਜਿਹੇ ਅਨਸਰਾਂ ਨੂੰ ਸਿੱਧੀ-ਅਸਿੱਧੀ ਹਮਾਇਤ ਪ੍ਰਾਪਤ ਹੁੰਦੀ ਹੈ, ਦੇ ਆਗੂਆਂ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ।

ਮਨਜੀਤ ਸਿੰਘ ਸਿਰਸਾ ਵਲੋਂ ਪੁਲੀਸ ਕੋਲ ਸ਼ਿਕਾਇਤ ਦਰਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ‘ਤੇ ਟਰੱਸਟ ਸੁਸਾਇਟੀ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਥਾਣਾ ਲੋਧੀ ਰੋਡ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਸ੍ਰੀ ਸਿਰਸਾ ਨੇ ਕਿਹਾ ਕਿ ਟਰੱਸਟ ਦੀ ਨਿਯਮਾਂਵਲੀ ਵਿੱਚ ਸਪੱਸ਼ਟ ਲਿਖਿਆ ਹੈ ਕਿ ਸੰਸਥਾ ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਸੰਭਾਲਣ ਤੋਂ ਬਾਅਦ ਇਸ ਦਾ ਨਾਮ ਦਿਆਲ ਸਿੰਘ ਕਾਲਜ ਹੀ ਰਹੇਗਾ। ਉਨ੍ਹਾਂ ਗਵਰਨਿੰਗ ਬਾਡੀ ਦੇ ਮਤੇ ਨੂੰ ਗੈਰਕਾਨੂੰਨੀ, ਗੈਰ ਸੰਵਿਧਾਨਕ ਤੇ ਨਾਵਾਜਬ ਕਰਾਰ ਦਿੱਤਾ ਹੈ। ਉਧਰ ਪੰਥਕ ਸੇਵਾ ਦਲ ਦੇ ਸਹਿ-ਕਨਵੀਨਰ ਸੰਗਤ ਸਿੰਘ ਨੇ ਦਿਆਲ ਸਿੰਘ ਕਾਲਜ ਦਾ ਨਾਮ ਵੰਦੇ ਮਾਤਰਮ ਰੱਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਜ਼ਾਦ ਜਮਹੂਰੀ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦਿਆਲ ਸਿੰਘ ਮਜੀਠੀਆ ਦੇ ਨਾਂ ‘ਤੇ ਕਾਲਜ ਅਤੇ ਲਾਇਬ੍ਰੇਰੀ ਚਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਫਿਰ ਦਿਆਲ ਸਿੰਘ ਕਾਲਜ ਦਿੱਲੀ ਦੀ ਗਵਰਨਿੰਗ ਬਾਡੀ ਨੂੰ ਕਿਹੜੇ ਹਾਲਾਤ ਵਿੱਚ ਇਸ ਦਾ ਨਾਂ ਬਦਲਣ ਦਾ ਫ਼ੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਿਆਲ ਸਿੰਘ ਮਜੀਠੀਆ ਵੱਲੋਂ ਸਥਾਪਤ ਕੀਤੇ ਟਰੱਸਟ ਤੇ ਸੰਸਥਾਵਾਂ ਸਿੱਖਿਅਤ ਭਾਰਤ ਦੇ ਮਿਸ਼ਨ ਦੀ ਪੂਰਤੀ ਲਈ ਕੰਮ ਕਰ ਰਹੀਆਂ ਹਨ ਅਤੇ ਅਜਿਹੇ ਫ਼ੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ।

‘ਅਸਾਂ ਤੇ ਪਾਕਿ ‘ਚ ਬਚਾ ਲਈ ਮਜੀਠੀਆ ਦੀ ਸ਼ਾਨ, ਹੁਣ ਤੁਹਾਡੀ ਵਾਰੀ’
ਚੰਡੀਗੜ੍ਹ/ਬਿਊਰੋ ਨਿਊਜ਼:
ਉਹ 1987 ਦੇ ਦਿਨ ਸੀ ਜਦੋਂ ਲਾਹੌਰ ਦੇ ਸਰਕਾਰੀ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਦਾਤਾ ਸਾਹਿਬ ਕਾਲਜ ਕਰਨ ਦੀ ਕੱਟੜਪੰਥੀਆਂ ਦੀ ਮੁਹਿੰਮ ਪੂਰੇ ਜ਼ੋਰਾਂ ‘ਤੇ ਸੀ। ਸਹਾਇਕ ਪ੍ਰੋਫ਼ੈਸਰ ਗ਼ੁਲਾਮ ਮੁਸਤਫ਼ਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜੇ ਨੌਜਵਾਨ ਲੈਕਚਰਾਰ ਵਜੋਂ ਕਾਲਜ ਵਿੱਚ ਆਇਆ ਹੀ ਸੀ। ਪਰ ਫਿਰ ਕੁਝ ‘ਰੌਸ਼ਨ ਖ਼ਿਆਲ ਲੋਕਾਂ’ ਨੇ ਲੜਾਈ ਲੜੀ ਤੇ ਕਾਲਜ ਦਾ ਨਾਂ ਸਰਕਾਰੀ ਦਿਆਲ ਸਿੰਘ ਕਾਲਜ ਹੀ ਰਿਹਾ। ਮੁਸਤਫ਼ਾ ਨੂੰ ਜਦੋਂ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਲਈ ਸ਼ੁਰੂ ਕੀਤੇ ਅਮਲ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ,’ਕੀ ਭਾਰਤ ਵਿੱਚ ਰਹਿੰਦੇ ਬੁੱਧੀਜੀਵੀ ਵੀ ਉਸੇ ਤਰੀਕੇ ਦੀ ਲੜਾਈ ਵਿੱਢਣਗੇ?’
ਲਾਹੌਰ ਦੇ ਸਰਕਾਰੀ ਦਿਆਲ ਸਿੰਘ ਕਾਲਜ ਵਿੱਚ ਅੱਜਕੱਲ੍ਹ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਮੁਸਤਫ਼ਾ ਨੇ ਦੱਸਿਆ ਕਿ ਉਨ੍ਹਾਂ ਦਿਨਾਂ ‘ਚ ਅਧਿਆਪਕਾਂ ਦੇ ਇਕ ਸਮੂਹ ਨੇ ਦਿਆਲ ਸਿੰਘ ਮਜੀਠੀਆ ਦਾ ਵੱਡਾ ਸਾਰਾ ਚਿੱਤਰ ਬਣਾ ਕੇ ਸਟਾਫ਼ ਰੂਮ ਦੀ ਕੰਧ ‘ਤੇ ਲਾਇਆ ਸੀ। ਪ੍ਰੋਫੈਸਰ ਨੇ ਕਿਹਾ,’ਹੁਣ ਨੌਜਵਾਨ ਵਿਦਿਆਰਥੀ ਅਕਸਰ ਸਾਨੂੰ ਇਸ ਤਸਵੀਰ ਬਾਰੇ ਪੁੱਛਦੇ ਹਨ ਤੇ ਅਸੀਂ ਬੜੇ ਮਾਣ ਨਾਲ ਦੱਸਦੇ ਹਾਂ ਕਿ ਇਸ ਸ਼ਖ਼ਸ ਨੇ ਕਾਲਜ ਖੋਲ੍ਹਣ ਲਈ ਆਪਣੀ ਜਾਇਦਾਦ ਤਕ ਵਾਰ ਦਿੱਤੀ ਸੀ।’ ਪੰਜਾਬ ਪ੍ਰੋਫੈਸਰਜ਼ ਤੇ ਲੈਕਚਰਰਜ਼ ਐਸੋਸੀਏਸ਼ਨ ਦੇ   ਜਾਇੰਟ ਸਕੱਤਰ ਡਾ. ਸ਼ਫ਼ੀਕ ਬੱਟ ਨੇ ਕਿਹਾ ਕਿ ਹਾਲੀਆ ਸਾਲਾਂ ‘ਚ ਇਹ ਕਾਲਜ ਸਿੱਖਿਆ ਸਰਗਰਮੀਆਂ ਲਈ ਸਭ ਤੋਂ ਵੱਡੇ ਕੇਂਦਰ ਵਜੋਂ ਉਭਰਿਆ ਹੈ। ਬੱਟ ਨੇ ਦੱਸਿਆ ਕਿ ਕਾਲਜ ਨੂੰ ਇਸ ਗੱਲ ਦਾ ਮਾਣ ਹੈ ਕਿ ਅਜਿਹੇ ਨਿਰਸਵਾਰਥ ਮਨੁੱਖ ਦੀ ਵੀ ਕਦੇ ਇਸ ਧਰਤੀ ‘ਤੇ ਹੋਂਦ ਰਹੀ ਹੈ। 1987 ਤੋਂ ਬਾਅਦ ਵੀ ਪਾਕਿਸਤਾਨ ਵਿੱਚ ਕਈ ਵਿਰਾਸਤੀ ਸੰਸਥਾਵਾਂ ਜਿਵੇਂ ਸਰ ਗੰਗਾ ਰਾਮ ਹਸਪਤਾਲ, ਦਿਆਲ ਸਿੰਘ ਕਾਲਜ ਦੇ ਨਾਵਾਂ ਨੂੰ ਤਬਦੀਲ ਕਰਨ ਲਈ ਹੱਲੇ ਹੋਏ, ਪਰ ਪਾਕਿਸਤਾਨੀ ਲੋਕਾਂ ਨੇ ਨਾ ਸਿਰਫ਼ ਇਨ੍ਹਾਂ ਦਾ ਵਿਰੋਧ ਕੀਤਾ ਬਲਕਿ ਲਾਹੌਰ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਸੰਸਥਾਵਾਂ ਨੂੰ ਇਨ੍ਹਾਂ ਦੇ ਅਸਲ ਨਾਵਾਂ ਨਾਲ ਹੀ ਜਾਣਿਆ ਜਾਵੇਗਾ।
ਇਹੀ ਨਹੀਂ ਸਰਹੱਦ ਦੇ ਇਸ ਪਾਸੇ ਵੀ ਅਜਿਹੇ ਕਾਰਕੁਨ ਹਨ ਜੋ ਦੋਵਾਂ ਮੁਲਕਾਂ ‘ਚ ਅਮਨ ਬਹਾਲੀ ਦੇ ਮੁਦੱਈ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਕਈ ਚੀਜ਼ ਦਿਆਲ ਸਿੰਘ ਦੇ ਨਾਂ ‘ਤੇ ਹੈ, ਉਹ ਪੰਜਾਬ ਦੀ ਸਾਂਝੀ ਸਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦੀ ਨਾਂ ਤਬਦੀਲੀ ਨੂੰ ਪਾਗਲਪਣ ਦੱਸਦਿਆਂ ਇਸ ਸਭ ਕਾਸੇ ਲਈ ਭਾਜਪਾ ਸਰਕਾਰ ਸਿਰ ਭਾਂਡਾ ਭੰਨ੍ਹਿਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀਲ ਦੇ ਸਾਬਕਾ ਪ੍ਰੋਫੈਸਰ ਡਾ.ਚਮਨ ਲਾਲ, ਜਿਨ੍ਹਾਂ ਨੌਂ ਸਾਲ ਪਹਿਲਾਂ ਦਿਆਲ ਸਿੰਘ ਕਾਲਜ ਤੇ ਨਵੀਂ ਬਣੀ ਦਿਆਲ ਸਿੰਘ ਫਾਊਂਡੇਸ਼ਨ ਦੀ ਫ਼ੇਰੀ ਪਾਈ ਸੀ, ਨੇ ਕਿਹਾ,’ਪਾਕਿਸਤਾਨ ਦੇ ਲੋਕ ਇਸ ਕਾਲਜ ਨੂੰ ਆਪਣੀ ਵਿਰਾਸਤ ਮੰਨਦੇ ਹਨ, ਪਰ ਸਾਡੀ ਸਰਕਾਰ ਇਸ ਵਿਰਾਸਤ ਤੋਂ ਪੱਲਾ ਝਾੜਨ ਦੇ ਆਹਰ ਵਿੱਚ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਉਨ੍ਹਾਂ ਦੇ ਮੌਜੂਦਾ ਸਿਆਸੀ ਰਾਜ ਦੇ ਮੁਆਫ਼ਕ ਨਹੀਂ ਬੈਠਦੀਆਂ।
ਇਸਲਾਮਾਬਾਦ ਅਧਾਰਿਤ ਸਮਾਜ ਵਿਗਿਆਨੀ ਹਾਰੂਨ ਖਾਲਿਦ ਨੇ ਕਿਹਾ ਭਾਰਤ ਖੁ?ਦ ਨੂੰ ਧਰਮ ਨਿਰਪੱਖ ਮੁਲਕ ਅਖਵਾ ਕੇ ਵੀ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਪੰਜਾਬੀ ਲੇਖਕ ਤੇ ਕਾਲਮਨਵੀਸ ਅਗਰੀਸ ਮਹਿਮੂਦ ਅਵਾਨ ਨੇ ਕਿਹਾ ਕਿ ਸਭਿਅਕ ਭਾਈਚਾਰੇ ਆਪਣੇ ਸਮਾਜਸੇਵੀਆਂ ਦੀਆਂ ਯਾਦਾਂ ਦੇ ਨਾਂ ਨਹੀਂ ਬਦਲਦੀਆਂ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦੇ ਕਿਸੇ ਵੀ ਪਾਸੇ ਹੋਣ ਵਾਲੀ ਕੋਈ ਵੀ ਅਜਿਹੀ ਕਾਰਵਾਈ ਸਾਡੇ ਪੁਰਖਿਆਂ ਤੇ ਸ਼ਹੀਦਾਂ ਨਾਲ ਧੋਖਾ ਤੇ ਹੱਤਕ ਹੋਵੇਗੀ।

ਕਾਲਜ ‘ਚ ਪੜ੍ਹਦੇ ਨੇ 2300 ਵਿਦਿਆਰਥੀ
ਸਾਲ 1972 ਤਕ ਇਸ ਕਾਲਜ ਨੂੰ ਦਿਆਲ ਸਿੰਘ ਟਰੱਸਟ ਚਲਾਉਂਦਾ ਸੀ, ਜਿਸ ਮਗਰੋਂ ਸਰਕਾਰ ਨੇ ਆਪਣੇ ਅਧੀਨ ਲੈਂਦਿਆਂ ਸਰਕਾਰੀ ਦਿਆਲ ਸਿੰਘ ਕਾਲਜ ਰੱਖ ਦਿੱਤਾ ਸੀ। ਮੌਜੂਦਾ ਸਮੇਂ ਕਾਲਜ ‘ਚ 2300 ਵਿਦਿਆਰਥੀ ਤੇ 92 ਫੈਕਲਟੀ ਮੈਂਬਰ ਹਨ। ਕਾਲਜ ਦੇ ਨਾਲ ਹੀ ਲਾਇਬਰੇਰੀ ਹੈ ਜਿਸ ਨੂੰ ਦਿਆਲ ਸਿੰਘ ਟਰੱਸਟ ਚਲਾਉਂਦਾ ਹੈ।