ਦਲ ਖ਼ਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਯੂਕੇ ਦਾ ਅਕਾਲ ਚਲਾਣਾ

ਦਲ ਖ਼ਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਯੂਕੇ ਦਾ ਅਕਾਲ ਚਲਾਣਾ

ਅੰਮ੍ਰਿਤਸਰ/ਬਿਊਰੋ ਨਿਊਜ਼:
ਦਲ ਖ਼ਾਲਸਾ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਮਨਮੋਹਨ ਸਿੰਘ ਖ਼ਾਲਸਾ ਦਾ ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ । ਉਹ 70 ਵਰ੍ਹਿਆਂ ਦੇ ਸਨ। ਪਿੱਛੇ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਧੀ ਤੇ ਦੋ ਪੁੱਤਰ ਹਨ। ਉਨ੍ਹਾਂ ਦੀ ਪਤਨੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ ਤੇ ਉਨ੍ਹਾਂ ਦੀ ਮਾਤਾ ਚੰਡੀਗੜ੍ਹ ਰਹਿੰਦੇ ਹਨ। ਉਹ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਹਸਪਤਾਲ ਦਾਖ਼ਲ ਸਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਸੋਮਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ। 1 ਮਈ 1982 ਨੂੰ ਜਦੋਂ ਦਲ ਖ਼ਾਲਸਾ ‘ਤੇ ਪਾਬੰਦੀ ਲਾਈ ਗਈ ਸੀ ਤਾਂ ਮਨਮੋਹਨ ਸਿੰਘ ਪੰਜਾਬ ਛੱਡ ਕੇ ਇੰਗਲੈਂਡ ਚਲੇ ਗਏ ਸਨ ਅਤੇ ਮੁੜ ਵਾਪਸ ਨਹੀਂ ਆਏ। ਉਨ੍ਹਾਂ ਦਾ ਨਾਂ ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਅਪਰੈਲ 2016 ਵਿੱਚ ਜਦੋਂ ਉਨ੍ਹਾਂ ਦਾ ਨਾਂ ਕਾਲੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਇੱਕ ਹਾਰੇ ਹੋਏ ਵਿਅਕਤੀ ਵਜੋਂ ਪੰਜਾਬ ਜਾਣ ਨਾਲੋਂ ਵਿਦੇਸ਼ ਵਿੱਚ ਇੱਕ ਬਾਗ਼ੀ ਵਜੋਂ ਮਰਨਾ ਬਿਹਤਰ ਹੈ। ਉਹ ਸਾਲ ਵਿੱਚ ਦੋ ਵਾਰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਲੈ ਕੇ ਜਾਂਦੇ ਸਨ। ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ। ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸਤਿਨਾਮ ਸਿੰਘ ਪਾਉਂਟਾ ਸਾਹਿਬ ਤੇ ਹੋਰਨਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ।