ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਕਾਂਗਰਸ : ਫੂਲਕਾ

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਕਾਂਗਰਸ : ਫੂਲਕਾ

ਮੁੱਲਾਂਪੁਰ ਦਾਖਾ/ਬਿਊਰੋ ਨਿਊਜ਼ :
‘ਆਪ’ ਦੇ ਵਿਧਾਇਕ ਤੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀਆਂ ਨੂੰ ‘ਬਚਾਉਣ’ ਲਈ ਤਿੰਨ ਵਾਰ ਕਲੀਨ ਚਿੱਟ ਦੇ ਚੁੱਕੀ ਸੀ.ਬੀ.ਆਈ. ਵੱਲੋਂ ਹੁਣ ਉਸ ਨੂੰ ਇੱਕ ਵਾਰ ਫੇਰ ਬਚਾਉਣ ਲਈ ਮੁੜ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਤਲੇਆਮ ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਸ੍ਰੀ ਫੂਲਕਾ ਨੇ ਕਿਹਾ ਕਿ ਕਤਲੇਆਮ ਦੇ ਮੁਲਜ਼ਮਾਂ ਨੂੰ ਸ੍ਰੀ ਕੇਜਰੀਵਾਲ ਨਹੀਂ ਸਗੋਂ ਕੇਂਦਰ ਦੀ ਮੋਦੀ ਸਰਕਾਰ, ਜਿਸ ਵਿੱਚ ਆਕਲੀ ਦਲ ਦੀ ਹਰਸਿਮਰਤ ਕੌਰ ਬਾਦਲ ਸ਼ਾਮਲ ਹੈ, ਬਚਾਅ ਰਹੀ ਹੈ। ਸ੍ਰੀ ਫੂਲਕਾ ਨੇ ਦੱਸਿਆ ਕਿ ਪਹਿਲਾਂ 2 ਵਾਰ ਕੇਂਦਰ ਵਿਚ ਕਾਂਗਰਸ ਸਰਕਾਰ ਸਮੇਂ ਅਤੇ ਤੀਜੀ ਵਾਰ ਭਾਜਪਾ ਸਰਕਾਰ ਵੇਲੇ ਸੀ.ਬੀ.ਆਈ. ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੇ ਇੱਕ ਵਾਰ ਵੀ ਕੇਂਦਰ ਸਰਕਾਰ ਨੂੰ ਜਗਦੀਸ਼ ਟਾਈਟਲਰ ਖ਼ਿਲਾਫ਼ ਜਾਂਚ ਛੇਤੀ ਮੁਕੰਮਲ ਕਰਨ ਲਈ ਸੀਬੀਆਈ ਨੂੰ ਆਦੇਸ਼ ਦਿੱਤੇ ਜਾਣ ਬਾਰੇ ਕੁਝ ਨਹੀਂ ਕਿਹਾ। ਉਨ੍ਹਾਂ ਦੱਸਿਆ ਕਿ ਟਾਈਟਲਰ ਦੇ ਕਥਿਤ ਪੁਰਾਣੇ ਸਾਥੀ ਅਭਿਸ਼ੇਕ ਵਰਮਾ ਦੇ ਪੌਲੀਗ੍ਰਾਫ ਟੈਸਟ ਸਬੰਧੀ ਲੈਬ ਦੇ ਮੁਲਾਜ਼ਮਾਂ ਨੇ ਸੀਬੀਆਈ ਵੱਲੋਂ ਨਿਯੁਕਤ ਜਾਂਚ ਅਧਿਕਾਰੀ ਵੱਲੋਂ ਦਿੱਤੇ ਸਵਾਲ ਹੀ ਪੁੱਛੇ ਸਨ।