ਸੁਖਬੀਰ ਤੇ ਮਜੀਠੀਆ ਦਾ ਧੂੰਆਂਧਾਰ ਪ੍ਰਚਾਰ ਵੀ ਰਿਹਾ ਬੇਅਸਰ, ਆਪਣੇ ਹੀ ਹਲਕੇ ‘ਚ ਸਲਾਰੀਆ ਨੂੰ ਵੱਡਾ ਰਗੜਾ

ਸੁਖਬੀਰ ਤੇ ਮਜੀਠੀਆ ਦਾ ਧੂੰਆਂਧਾਰ ਪ੍ਰਚਾਰ ਵੀ ਰਿਹਾ ਬੇਅਸਰ, ਆਪਣੇ ਹੀ ਹਲਕੇ ‘ਚ ਸਲਾਰੀਆ ਨੂੰ ਵੱਡਾ ਰਗੜਾ

ਬਟਾਲਾ/ਬਿਊਰੋ ਨਿਊਜ਼ :
ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਵੱਲੋਂ ਵੱਖ ਵੱਖ ਹਲਕਿਆਂ ਵਿੱਚ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿੱਚ ਕੀਤੇ ਧੂੰਆਂਧਾਰ ਪ੍ਰਚਾਰ ਦਾ ਅਸਰ ਵੋਟਰਾਂ ਨੇ ਬੇਅਸਰ ਕਰ ਦਿੱਤਾ। ਸ੍ਰੀ ਬਾਦਲ ਅਤੇ ਮਜੀਠੀਆ ਹਲਕੇ ਵਿੱਚ ਲਗਪਗ ਹਫ਼ਤੇ ਭਰ ਤੋਂ ਉਪਰ ਰਹੇ।
ਹੈਰਾਨੀ ਦੀ ਗੱਲ ਇਹ ਰਹੀ ਕਿ ਸ੍ਰੀ ਬਾਦਲ ਨੇ ਜਿਸ ਹਲਕੇ ਡੇਰਾ ਬਾਬਾ ਨਾਨਕ ਤੋਂ ਮਜੀਠੀਆ ਨੂੰ ਕਮਾਨ ਦਿੱਤੀ ਸੀ, ਉਸ ਹਲਕੇ ਵਿੱਚ ਸ੍ਰੀ ਸਲਾਰੀਆ ਨੂੰ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਲਕੇ ਤੋਂ ਕਾਂਗਰਸ ਦੇ ਸੁਨੀਲ ਜਾਖੜ ਨੇ 44074 ਵੋਟਾਂ ਨਾਲ ਸਲਾਰੀਆ ਨੂੰ ਪਛਾੜਿਆ। ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕੁਝ ਮਹੀਨੇ ਪਹਿਲਾਂ 1130 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਸ੍ਰੀ ਜਾਖੜ ਨੇ 32296 ਵੋਟਾਂ ਦੀ ਲੀਡ ਲਈ। ਇਸ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਨੂੰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੁਝ ਮਹੀਨੇ ਪਹਿਲਾਂ ਹੀ ਮਹਿਜ਼ ਦੋ ਹਜ਼ਾਰ ਤੋਂ ਘੱਟ ਵੋਟਾਂ ਨਾਲ ਹਰਾਇਆ ਸੀ। ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੇ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਜਨਤਕ ਸਭਾਵਾਂ ਨੂੰ ਸੰਬੋਧਨ ਕੀਤਾ ਸੀ।
ਕਵਿਤਾ ਖੰਨਾ ਨੇ ਪ੍ਰਗਟਾਈ ਨਿਰਾਸ਼ਾ :
ਪਠਾਨਕੋਟ : ਗੁਰਦਾਸਪੁਰ ਦੇ ਮਰਹੂਮ ਸੰਸਦ ਮੈਂਬਰ ਤੇ ਭਾਜਪਾ ਆਗੂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਜ਼ਿਮਨੀ ਚੋਣ ਦੇ ਨਤੀਜੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਵਿਨੋਦ ਖੰਨਾ ਨੇ ਗੁਰਦਾਸਪੁਰ ਚੋਣ ਜਿੱਤ ਕੇ ਕਾਂਗਰਸ ਦੇ ਗੜ੍ਹ ਨੂੰ ਤੋੜਿਆ ਸੀ ਅਤੇ ਭਾਜਪਾ ਦਾ ਗੜ੍ਹ ਬਣਾਇਆ ਸੀ। ਵਿਨੋਦ ਖੰਨਾ ਨੇ 20 ਸਾਲ ਗੁਰਦਾਸਪੁਰ ਹਲਕੇ ਦੀ ਸੇਵਾ ਕੀਤੀ ਤੇ ਹਲਕੇ ਨੂੰ ਆਪਣਾ ਪੁੱਤ ਮੰਨਿਆ ਸੀ। ਹੁਣ ਇਸ ਹਲਕੇ ਵਿੱਚ ਕਾਂਗਰਸ ਦਾ ਜਿੱਤਣਾ ਨਿਰਾਸ਼ਾਜਨਕ ਹੈ। ਕਵਿਤਾ ਖੰਨਾ ਨੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਨਾ ਪਵੇਗਾ ਤੇ ਪਾਰਟੀ ਨੂੰ ਪਹਿਲਾਂ ਵਾਂਗ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹੁਣ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਟਿਕਟ ਉਨ੍ਹਾਂ (ਕਵਿਤਾ ਖੰਨਾ) ਨੂੰ ਦਿੱਤੀ ਹੁੰਦੀ ਤਾਂ ਚੋਣ ਨਤੀਜਾ ਕੀ ਹੁੰਦਾ। ਸਿਹਤ ਠੀਕ ਨਾ ਹੋਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪਠਾਨਕੋਟ ਨਹੀਂ ਆਏ।