ਪਾਕਿਸਤਾਨ ‘ਚ ਸੱਤਾ ਦੀ ਚਾਬੀ ਆਜ਼ਾਦ ਮੈਂਬਰਾਂ ਦੇ ਹੱਥ ਚੋਣ ਨਤੀਜਿਆਂ ਨਾਲ ਛੇੜਛਾੜ ਹੋਈ : ਨਵਾਜ਼ ਸ਼ਰੀਫ

ਪਾਕਿਸਤਾਨ ‘ਚ ਸੱਤਾ ਦੀ ਚਾਬੀ ਆਜ਼ਾਦ ਮੈਂਬਰਾਂ ਦੇ ਹੱਥ ਚੋਣ ਨਤੀਜਿਆਂ ਨਾਲ ਛੇੜਛਾੜ ਹੋਈ : ਨਵਾਜ਼ ਸ਼ਰੀਫ

ਇਸਲਾਮਾਬਾਦ/ਬਿਊਰੋ ਨਿਊਜ਼ :

ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਵਿਚ 118 ਸੀਟਾਂ ਲੈਕੇ ਸਭ ਤੋਂ ਵੱਡੀ ਪਾਰਟੀ ਵੱਜੋਂ ਉੱਭਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੂੰ ਸਰਕਾਰ ਕਾਇਮ ਕਰਨ ਲਈ ਖੇਤਰੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਸਹਿਯੋਗ ਦੀ ਲੋੜ ਪਵੇਗੀ। ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਕੁੱਲ 270 ਸੰਸਦੀ ਸੀਟਾਂ ਉੱਤੇ ਹੋਈਆਂ ਚੋਣਾਂ ਵਿਚੋਂ 62 ਸੀਟਾਂ ਹਾਸਲ ਹੋਈਆਂ ਹਨ ਜਦਕਿ ਆਸਿਫ਼ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ 43 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ 12 ਸੀਟਾਂ ਉੱਤੇ ਕਬਜ਼ਾ ਕੀਤਾ ਹੈ। ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਕੁੱਲ 342 ਮੈਂਬਰ ਹਨ, ਜਿਨ੍ਹਾਂ ਵਿਚੋਂ 272 ਸਿੱਧੇ ਤੌਰ ‘ਤੇ ਚੁਣੇ ਜਾਂਦੇ ਹਨ। ਸਰਕਾਰ ਕਾਇਮ ਕਰਨ ਲਈ ਕਿਸੇ ਵੀ ਪਾਰਟੀ ਕੋਲ 172 ਸੀਟਾਂ ਹੋਣੀਆਂ ਲਾਜ਼ਮੀ ਹਨ।
ਭਾਰਤ ਵਿਚ ਸੱਤਾਧਾਰੀ ਭਾਜਪਾਈਆਂ ਉਤੇ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਕਰਕੇ ਸੱਤਾ ਹਾਸਲ ਕਰਨ ਦੇ ਲਗਦੇ ਦੋਸ਼ਾਂ ਵਾਂਗ ਹੀ ਗਵਾਂਢੀ ਮੁਲਕ ਪਾਕਿਸਤਾਨ ਵਿਚ ਵੀ ਹਾਲ ਹੀ ਵਿਚ ਹੋਈਆਂ ਚੋਣਾਂ ਵਿਰ ਧਾਂਦਲੀ ਹੋਣ ਦੇ ਦੋਸ਼ ਲੱਗ ਰਹੇ ਹਨ। ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਹਿਲੀ ਵਾਰ ਚੋਣ ਨਤੀਜਿਆਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਮੱਤਦਾਨ ਚੋਰੀ ਕਰ ਲਿਆ ਗਿਆ ਸੀ ਅਤੇ ਚਿਤਾਵਨੀ ਦਿੱਤੀ ਕਿ ਛੇੜਛਾੜ ਵਾਲੇ ਅਤੇ ਸ਼ੱਕੀ ਨਤੀਜਿਆਂ ਦੀ ਕੀਮਤ ਦੇਸ਼ ਦੀ ਰਾਜਨੀਤੀ ਉੱਤੇ ਮਾੜੇ ਪ੍ਰਭਾਵ ਦੇ ਰੂਪ ਵਿਚ ਚੁਕਾਉਣੀ ਪਵੇਗੀ।
ਅਡਿਆਲਾ ਜੇਲ੍ਹ ਵਿੱਚ ਮੁਲਾਕਾਤੀਆਂ ਨਾਲ ਗੱਲ ਕਰਦਿਆਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਆਗੂ ਨਵਾਜ਼ ਸ਼ਰੀਫ ਨੇ ਫੈਸਲਾਬਾਦ, ਲਾਹੌਰ ਅਤੇ ਰਾਵਲਪਿੰਡੀ ਦੇ ਚੋਣ ਨਤੀਜਿਆਂ ਬਾਰੇ ਆਪਣੇ ਸ਼ੰਕਿਆਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਆਗੂ ਬੇਹੱਦ ਮਜ਼ਬੂਤ ਸਥਿਤੀ ਵਿਚ ਸਨ ਪਰ ਉਹ ਹਾਰੇ ਹੋਏ ਉਮੀਦਵਾਰ ਐਲਾਨ ਦਿੱਤੇ ਗਏ। ਵੀਰਵਾਰ ਨੂੰ ਸ਼ਰੀਫ, ਉਸ ਦੀ ਧੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਲਈ ਮੁਲਾਕਾਤ ਦਾ ਦਿਨ ਸੀ। ਉਨ੍ਹਾਂ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਪੁੱਜੇ। ਇਸ ਮੌਕੇ ਸ਼ਰੀਫ ਨੇ ਕਿਹਾ ਕਿ ਖੈਬਰ ਪਖ਼ਤੂਨਵਾ ਵਿਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ- ਤਹਿਰੀਕ-ਏ-ਇਨਸਾਫ਼ ਦੀ ਸਰਕਾਰ ਸੀ ਅਤੇ ਉਸ ਦੀ ਕਾਰਗੁਜ਼ਾਰੀ ਮਾੜੀ ਸੀ ਪਰ ਉਸ ਨੂੰ ਜਿਤਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖਾਨ ਦੀ ਪੁਜੀਸ਼ਨ 2013 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਮਾੜੀ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਛੇੜਛਾੜ ਵਾਲੇ ਸ਼ੱਕੀ ਨਤੀਜਿਆਂ ਦਾ ਪਾਕਿਸਤਾਨ ਦੀ ਰਾਜਨੀਤੀ ਉੱਤੇ ਮਾੜਾ ਅਸਰ ਪਵੇਗਾ।