ਸੰਜੇ ਸਿੰਘ ਨੇ ‘ਆਪ’ ਦੀ ਚੋਣ ਮੁਹਿੰਮ ਦਾ ਚੁੱਪ-ਚਪੀਤੇ ਲਿਆ ਜਾਇਜ਼ਾ

ਸੰਜੇ ਸਿੰਘ ਨੇ ‘ਆਪ’ ਦੀ ਚੋਣ ਮੁਹਿੰਮ ਦਾ ਚੁੱਪ-ਚਪੀਤੇ ਲਿਆ ਜਾਇਜ਼ਾ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਾਬਕਾ ਇੰਚਾਰਜ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਦੇ ਪ੍ਰਚਾਰ ਅਤੇ ਸਥਿਤੀ ਦਾ ਚੁੱਪ-ਚੁਪੀਤੇ ਜਾਇਜ਼ਾ ਲਿਆ। ਭਾਵੇਂ ‘ਆਪ’ ਦੀ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪ੍ਰਚਾਰ ਵਿੱਚ ਜੁਟੀ ਪਈ ਹੈ ਪਰ ਸੂਤਰ ਦੱਸਦੇ ਹਨ ਕਿ ਹੁਣ ਸਥਾਨਕ ਲੀਡਰਾਂ ਨੂੰ ਹਾਈ ਕਮਾਂਡ ਦੀ ਯਾਦ ਆਉਣ ਲੱਗੀ ਹੈ। ਦਰਅਸਲ ਪਾਰਟੀ ਨੂੰ ਜਿੱਥੇ ਫੰਡਾਂ ਦੀ ਘਾਟ ਰੜਕ ਰਹੀ ਹੈ, ਉਥੇ ਪਾਰਟੀ ਦੇ ਮੁੱਖ ਹਿੰਦੂ ਚਿਹਰੇ ਅਤੇ ਸੂਬਾਈ ਮੀਤ ਪ੍ਰਧਾਨ ਅਮਨ ਅਰੋੜਾ ਵੱਲੋਂ ਚੋਣ ਪ੍ਰਚਾਰ ਵਿੱਚ ਜੁਟਣ ਦੀ ਥਾਂ ਕੈਨੇਡਾ ਤੇ ਇੰਗਲੈਂਡ ਦੀ ਸੈਰ ਕਾਰਨ ਸਮੱਸਿਆ ਆ ਰਹੀ ਹੈ। ਸੂਤਰਾਂ ਅਨੁਸਾਰ ਭਾਵੇਂ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਅੰਮ੍ਰਿਤਸਰ ਵਿੱਚ ਇਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਸਨ ਪਰ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਇਕ ਰਾਤ ਅਤੇ ਦਿਨ ਗੁਰਦਾਸਪੁਰ ਵਿੱਚ ਬਿਤਾਇਆ। ਇਸ ਦੌਰੇ ਦੌਰਾਨ ਸੰਜੇ ਸਿੰਘ ਨੇ ਜਿੱਥੇ ਅੰਮ੍ਰਿਤਸਰ ਦੀ ਲੀਡਰਸ਼ਿਪ ਨਾਲ ਪਾਰਟੀ ਦੀ ਮੌਜੂਦਾ ਸਥਿਤੀ ਉਪਰ ਚਰਚਾ ਕੀਤੀ, ਉਥੇ ਗੁਰਦਾਸਪੁਰ ਚੋਣ ਵਿੱਚ ਪਾਰਟੀ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਸੂਤਰਾਂ ਅਨੁਸਾਰ ਜਿਹੜੇ ਪੰਜਾਬ ਦੇ ਲੀਡਰ ਕਿਸੇ ਵੇਲੇ ਦਿੱਲੀ ਦੀ ਲੀਡਰਸ਼ਿਪ ਨੂੰ ਕੋਸਦੇ ਰਹੇ ਹਨ, ਹੁਣ ਉਹ ਚੋਣ ਪ੍ਰਚਾਰ ਦੌਰਾਨ ਹਾਈ ਕਮਾਂਡ ਦੀ ਗੈਰ-ਹਾਜ਼ਰੀ ਮਹਿਸੂਸ ਕਰ ਰਹੇ ਹਨ। ਫਿਲਹਾਲ ਸੂਬਾਈ ਲੀਡਰਸ਼ਿਪ ਨੇ ਹਾਈ ਕਮਾਂਡ ਨੂੰ ਚੋਣ ਪ੍ਰਚਾਰ ਵਿੱਚ ਉਤਾਰਨ ਦਾ ਕੋਈ ਫੈਸਲਾ ਨਹੀਂ ਕੀਤਾ।
ਸੂਤਰਾਂ ਅਨੁਸਾਰ ਇਸ ਮੌਕੇ ਸਥਾਨਕ ਆਗੂਆਂ ਨੇ ਸੰਜੇ ਸਿੰਘ ਕੋਲ ਜਿੱਥੇ ਪਾਰਟੀ ਨੂੰ ਅਲਵਿਦਾ ਕਹਿ ਗਏ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਦੀ ਗਲਤ ਨਿਯੁਕਤੀ ਕਰਨ ਦਾ ਮੁੱਦਾ ਉਠਾਇਆ, ਉਥੇ ਗੁਰਦਾਸਪੁਰ ਵਿੱਚ ਪਾਰਟੀ ਦੀ ਟਿਕਟ ਤੋਂ ਵਿਧਾਨ ਸਭਾ ਚੋਣਾਂ ਲੜੇ ਕੁਝ ਉਮੀਦਵਾਰਾਂ ਦੀ ਢਿੱਲੀ ਕਾਰਗੁਜ਼ਾਰੀ ਉਪਰ ਵੀ ਸਵਾਲ ਉਠਾਏ। ਪੰਜਾਬ ਦੇ ਇਕ ਸੀਨੀਅਰ ਆਗੂ ਨੇ ਜਿੱਥੇ ਸੰਜੇ ਸਿੰਘ ਮੂਹਰੇ ਪਾਰਟੀ ਫੰਡ ਦੀ ਤੋਟ ਦਾ ਰੋਣਾ ਰੋਇਆ, ਉਥੇ ਇਸ ਨਾਜ਼ੁਕ ਸਮੇਂ ਮੀਤ ਪ੍ਰਧਾਨ ਅਮਨ ਅਰੋੜਾ ਦੇ ਵਿਦੇਸ਼ਾਂ ਦੀ ਸੈਰ ਕਰਨ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ। ਸ੍ਰੀ ਅਰੋੜਾ ਨੂੰ ਅਹਿਮ ਮੌਕੇ ਇਹ ਵਿਦੇਸ਼ੀ ਯਾਤਰਾ ਮਹਿੰਗੀ ਪੈ ਸਕਦੀ ਹੈ।
ਜਾਣਕਾਰੀ ਮਿਲੀ ਹੈ ਕਿ ਪਾਰਟੀ ਵਿੱਚ ਅਜਿਹੀ ਘੁਸਰ-ਮੁਸਰ ਸ਼ੁਰੂ ਹੋਣ ਕਾਰਨ ਸ੍ਰੀ ਅਰੋੜਾ ਆਪਣਾ ਦੌਰਾ ਵਿਚਾਲੇ ਛੱਡ ਕੇ 4 ਅਕਤੂਬਰ ਤੱਕ ਵਾਪਸ ਆ ਸਕਦੇ ਹਨ।
ਇਸ ਦੌਰਾਨ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਲਖਬੀਰ ਸਿੰਘ, ਸੁਜਾਨਪੁਰ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਵਾਲੇ ਕੁਲਭੂਸ਼ਨ ਮਿਨਹਾਸ ਵੱਲੋਂ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਦੀਨਾਨਗਰ ਦੇ ਕੁਝ ‘ਆਪ’ ਆਗੂਆਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ  ਕਾਰਨ ‘ਆਪ’ ਨੂੰ ਵੱਡਾ ਝਟਕਾ ਲੱਗਿਆ ਹੈ।