ਦੇਸ਼ ਧ੍ਰੋਹ ਮਾਮਲੇ ‘ਚ ਭਾਈ ਮੰਡ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ

ਦੇਸ਼ ਧ੍ਰੋਹ ਮਾਮਲੇ ‘ਚ ਭਾਈ ਮੰਡ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ

ਕੈਪਸ਼ਨ-ਪੇਸ਼ੀ ਭੁਗਤਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਧਿਆਨ ਸਿੰਘ ਮੰਡ।
ਜ਼ੀਰਾ/ਬਿਊਰੋ ਨਿਊਜ਼:
ਦੇਸ਼ ਧ੍ਰੋਹ ਮਾਮਲੇ ਅਤੇ ਹਾਈਵੇਅ ‘ਤੇ ਧਰਨਾ ਦੇਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਦਰਜ ਕੇਸ ਵਿੱਚ ਜੂਨੀਅਰ ਡਿਵੀਜ਼ਨ ਸਿਵਿਲ ਜੱਜ ਵਿਜੇ ਕੁਮਾਰ  ਜ਼ੀਰਾ ਦੀ ਅਦਾਲਤ ਨੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ।
ਵਕੀਲ ਨੇ ਦੱਸਿਆ ਕਿ ਸਿਵਿਲ ਜੱਜ ਵਿਜੇ ਕੁਮਾਰ ਦੀ ਅਦਾਲਤ ਨੇ ਭਾਈ ਧਿਆਨ ਸਿੰਘ ਮੰਡ ਨੂੰ ਅਦਾਲਤ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਅਦਾਲਤ ਵਿੱਚ ਪੇਸ਼ੀ ਭੁਗਤਣ ਪੁੱਜੇ ਭਾਈ ਮੰਡ ਨੇ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਅਤੇ ਬਾਈਬਲ ਬੇਅਦਬੀ ਕਾਂਡ ਦੀ ਪੈੜ ਬਾਦਲ ਦੇ ਘਰ ਜਾਂਦੀ ਆਖ ਕੇ ਗੁਟਕੇ ਦੀ ਸਹੁੰ ਖਾਣ ਵਾਲੇ ਕੈਪਟਨ ਅੱਜ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਏ ਕਮਿਸ਼ਨ ਨੇ ਆਪਣੀ ਕੋਈ ਵੀ ਰਿਪੋਰਟ ਪੇਸ਼ ਨਹੀਂ ਕੀਤੀ ਤੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਚੂਰੀਆਂ ਤੇ ਸਰਕਲ ਪ੍ਰਧਾਨ ਸੁਖਜੀਤ ਸਿੰਘ ਮੱਖੂ ਵੀ ਹਾਜ਼ਰ ਸਨ।