ਗੁਰਦਾਸਪੁਰ ਜ਼ਿਮਨੀ ਚੋਣ- ‘ਆਪ’ ਲੀਡਰਾਂ ਦੀ ਨਾਰਾਜ਼ਗੀ ਭਾਰੂ ਪੈ ਰਹੀ ‘ਆਪ’ ‘ਤੇ

ਗੁਰਦਾਸਪੁਰ  ਜ਼ਿਮਨੀ ਚੋਣ- ‘ਆਪ’ ਲੀਡਰਾਂ ਦੀ ਨਾਰਾਜ਼ਗੀ ਭਾਰੂ ਪੈ ਰਹੀ ‘ਆਪ’ ‘ਤੇ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਵੱਲੋਂ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਵਿੱਚ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਉਤਾਰਿਆ ਗਿਆ ਹੈ ਪਰ ਇਸ ਹਲਕੇ ਵਿੱਚ ਵੱਡੇ ਆਗੂਆਂ ਵੱਲੋਂ ਸਮੇਂ ਸਮੇਂ ‘ਤੇ ਪਾਰਟੀ ਨੂੰ ਅਲਵਿਦਾ ਕਹਿਣ ਕਰ ਕੇ ਪਾਰਟੀ ਲਈ ਚੋਣ ਲੜਨਾ ਔਖਾ ਹੋ ਗਿਆ ਹੈ।
ਹਲਕੇ ਨਾਲ ਸਬੰਧਤ ਦੋ ਆਗੂ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਸਿੰਘ ਘੁੱਗੀ ਕੋਲੋਂ ਪਹਿਲਾਂ ਹੀ ਅਹੁਦੇ ਖੋਹੇ ਜਾ ਚੁੱਕੇ ਹਨ, ਜਦੋਂ ਕਿ ਹੁਣ ਮਾਝਾ ਜ਼ੋਨ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਵੀ ਪਾਰਟੀ ਨੂੰ ਅਲਵਿਦਾ ਕਹਿਣ ਕਾਰਨ ਲੀਡਰਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਦੱਸਣਯੋਗ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦਾ ਸਿਆਸੀ ਉਭਾਰ ਸਿਖਰ ‘ਤੇ ਸੀ ਤਾਂ ਹਾਈ ਕਮਾਂਡ ਨੇ ਨਾਟਕੀ ਢੰਗ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਪੈਸੇ ਲੈਣ ਦੇ ਦੋਸ਼ ਲਾ ਕੇ ਸੂਬਾਈ ਕਨਵੀਨਰਸ਼ਿਪ ਤੋਂ ਹਟਾ ਦਿੱਤਾ ਸੀ, ਜਿਸ ਕਾਰਨ ਪਾਰਟੀ ਵਿੱਚ ਭਾਰੀ ਉਥਲ ਪੁਥਲ ਹੋਈ ਸੀ ਅਤੇ ਛੇ ਜ਼ੋਨਲ ਇੰਚਾਰਜਾਂ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਆਗੂਆਂ ਨੇ ਅਸਤੀਫ਼ੇ ਦੇ ਕੇ ਸ੍ਰੀ ਛੋਟੇਪੁਰ ਦਾ ਪੱਲਾ ਫੜ ਲਿਆ ਸੀ। ਵਿਧਾਨ ਸਭਾ ਚੋਣਾਂ ਵਿੱਚੋਂ 100 ਸੀਟਾਂ ਹਾਸਲ ਕਰਨ ਦੇ ਦਾਅਵੇ ਦੀ ਫੂਕ ਨਿਕਲਣ ਦਾ ਇਕ ਕਾਰਨ ਸ੍ਰੀ ਛੋਟੇਪੁਰ ਨੂੰ ਕੱਢਣਾ ਵੀ ਮੰਨਿਆ ਜਾ ਰਿਹਾ ਹੈ।
ਹਾਈ ਕਮਾਂਡ ਨੇ ਸ੍ਰੀ ਛੋਟੇਪੁਰ ਨੂੰ ਹਟਾਉਣ ਤੋਂ ਬਾਅਦ ਆਪਣੇ ਵਿਸ਼ਵਾਸਪਾਤਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਸੀ। ਘੁੱਗੀ ਨੇ ਆਪਣੀ ਸਮਰੱਥਾ ਮੁਤਾਬਕ ਪਾਰਟੀ ਲਈ ਕੰਮ ਕੀਤਾ ਅਤੇ ਖਾਸ ਕਰ ਕੇ ਟਿਕਟਾਂ ਦੀ ਵੰਡ ਕਾਰਨ ਉੱਠੀਆਂ ਉਂਗਲਾਂ ਕਾਰਨ ਸੰਕਟ ਵਿੱਚ ਫਸੀ ਪਾਰਟੀ ਨੂੰ ਮੁੜ ਲੀਹੇ ਪਾਉਣ ਲਈ ਕਈ ਆਗੂਆਂ ਨੂੰ ਮਨਾਇਆ। ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਜਦੋਂ ਹੋਰ ਆਗੂਆਂ ਨਾਲ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਵਿਰੁੱਧ ਭੜਾਸ ਕੱਢੀ ਤਾਂ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦਾ ਗੁੱਸਾ ਠੰਢਾ ਕਰਨ ਲਈ ਉਸ ਨੂੰ ਪੰਜਾਬ ਦੀ ਕਮਾਂਡ ਸੌਂਪ ਦਿੱਤੀ, ਜਿਸ ਦਾ ਘੁੱਗੀ ਨੇ ਬੁਰਾ ਮਨਾਇਆ ਅਤੇ ਦੋਸ਼ ਲਾਇਆ ਸੀ ਕਿ ਪਾਰਟੀ ਆਗੂ ਵੱਖ ਵੱਖ ਸਮੇਂ ਲੀਡਰਾਂ ਨੂੰ ਵਰਤ ਕੇ ਸੁੱਟਣ ਦੀ ਰਣਨੀਤੀ ਖੇਡਦੇ ਹਨ। ਇਸ ਕਾਰਨ ਸ੍ਰੀ ਘੁੱਗੀ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ‘ਆਪ’  ਨੂੰ ਤੀਜਾ ਝਟਕਾ ਗੁਰਦਾਸਪੁਰ ਦੇ ਮਜ਼ਬੂਤ ਆਗੂ ਅਤੇ ਪਿਛਲੇ ਸਮੇਂ ਹੀ ਮਾਝਾ ਜ਼ੋਨ ਦੇ ਪ੍ਰਧਾਨ ਬਣਾਏ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਪਾਰਟੀ ਛੱਡਣ ਕਾਰਨ ਲੱਗਿਆ ਹੈ। ਚਰਚਾ ਹੈ ਕਿ ਸ੍ਰੀ ਕਾਕੀ ਕਿਸੇ ਵੇਲੇ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਇਕ ਮੁੱਦੇ ਉਪਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਾਂਝੇ ਤੌਰ ‘ਤੇ ਕਾਂਗਰਸ ਵਿਰੁੱਧ ਪ੍ਰੈੱਸ ਕਾਨਫਰੰਸ ਕੀਤੀ ਸੀ।
ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ
ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਸਬੰਧ ਵਿੱਚ ਨਾਮਜ਼ਦਗੀ ਵਾਪਸ ਲੈਣ ਦੇ ਅੰਤਿਮ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਨਹੀਂ ਲਏ ਹਨ, ਜਿਸ ਕਾਰਨ ਕੁੱਲ 11 ਉਮੀਦਵਾਰ ਚੋਣ ਪਿੜ ਵਿੱਚ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਹੱਥ, ਭਾਜਪਾ ਦੇ ਸਵਰਨ ਸਲਾਰੀਆ ਨੂੰ ਕਮਲ, ਆਮ ਆਦਮੀ ਪਾਰਟੀ ਦੇ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਨੂੰ ਝਾੜੂ , ਅਕਾਲੀ ਦਲ (ਅੰਮ੍ਰਿਤਸਰ) ਦੇ ਕੁਲਵੰਤ ਸਿੰਘ ਨੂੰ ਟਰੱਕ, ਰਜਿੰਦਰ ਸਿੰਘ ਹਿੰਦੋਸਤਾਨ ਸ਼ਕਤੀ ਸੈਨਾ ਪਾਰਟੀ ਨੂੰ ਨਾਰੀਅਲ, ਸੰਤੋਸ਼ ਕੁਮਾਰੀ ਮੇਘ ਦਿਸ਼ਮ ਪਾਰਟੀ ਨੂੰ ਬੰਸਰੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਆਜ਼ਾਦ ਉਮੀਦਵਾਰ  ਪ੍ਰਦੀਪ ਕੁਮਾਰ ਨੂੰ ਹੀਰਾ, ਸਤਨਾਮ ਸਿੰਘ ਨੂੰ ਬੈਟ, ਪਵਨ ਕੁਮਾਰ ਨੂੰ ਆਟੋ ਰਿਕਸ਼ਾ, ਪਰਵਿੰਦਰ ਸਿੰਘ ਨੂੰ ਸੀਟੀ ਤੇ ਸੰਦੀਪ ਕੁਮਾਰ ਨੂੰ ਮੋਮਬੱਤੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।