ਉੱਘੇ ਐਕਟਰ ਰਜਨੀਕਾਂਤ ਵੱਲੋਂ ਚੋਣ ਮੈਦਾਨ ਵਿੱਚ ਕੁੱਦਣ ਦੇ ਐਲਾਨ ਨਾਲ ਤਮਿਲ ਰਾਜਨੀਤੀ ‘ਚ ਆਇਆ ਭੂਚਾਲ

ਉੱਘੇ ਐਕਟਰ ਰਜਨੀਕਾਂਤ ਵੱਲੋਂ ਚੋਣ ਮੈਦਾਨ ਵਿੱਚ ਕੁੱਦਣ   ਦੇ ਐਲਾਨ ਨਾਲ ਤਮਿਲ ਰਾਜਨੀਤੀ ‘ਚ ਆਇਆ ਭੂਚਾਲ

ਚੇਨਈ/ਬਿਊਰੋ ਨਿਊਜ਼:
ਦੋ ਦਹਾਕਿਆਂ ਦੀਆਂ ਕਿਆਸਾਂ ਨੂੰ ਵਿਰਾਮ ਦਿੰਦਿਆਂ ਸੁਪਰਸਟਾਰ ਰਜਨੀਕਾਂਤ ਵਲੋਂ ਸਿਆਸਤ ‘ਚ ਆਉਣ ਦਾ ਐਲਾਨ ਕਰਨ ਤਮਿਲ ਨਾਡੂ ਦੀ ਰਾਜਨੀਤੀ ‘ਚ ਸਿਆਸੀ ਭੂਚਾਲ ਆ ਗਿਆ ਲਗਦਾ ਹੈ। ਉਂਜ ਉਨ੍ਹਾਂ ਅਜੇ ਪਾਰਟੀ ਨਹੀਂ ਬਣਾਈ ਹੈ ਪਰ ਤਾਮਿਲ ਨਾਡੂ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਸਾਰੀਆਂ 234 ਸੀਟਾਂ ‘ਤੇ ਉਮੀਦਵਾਰ ਮੈਦਾਨ ‘ਚ ਉਤਾਰਨ ਦਾ ਫ਼ੈਸਲਾ ਕਰ ਲਿਆ ਹੈ। ਐਤਵਾਰ ਨੂੰ ਇੱਥੇ ਅਪਣੇ ਪ੍ਰਸ਼ੰਸਕਾਂ ਦੀ ਹਾਜ਼ਰੀ ‘ਚ ਸਿਆਸਤ ‘ਚ ਇਮਾਨਦਾਰੀ ਅਤੇ ਚੰਗੇ ਰਾਜ ਪ੍ਰਬੰਧ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਾ ਕੁਝ ਬਦਲਣ ਅਤੇ ਜਾਤ ਜਾਂ ਧਰਮ ਰਹਿਤ ‘ਰੂਹਾਨੀ ਸਿਆਸਤ’ ਦੀ ਲੋੜ ਹੈ। ‘ਇਹੋ ਮੇਰਾ ਸਿਧਾਂਤ ਅਤੇ ਇੱਛਾ ਹੈ।’ ਲੋਕਾਂ ਤੋਂ ਹਮਾਇਤ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਕੱਲਿਆਂ ਕੁਝ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਿਆਂ ਦੇ ਸਮੇਂ ਵੇਲੇ ਉਹ ਆਪਣੇ ਦੁਸ਼ਮਣਾਂ ਦੇ ਮੁਲਕ ‘ਚ ਲੁੱਟਮਾਰ ਕਰਦੇ ਸਨ ਪਰ ਜਮਹੂਰੀਅਤ ‘ਚ ਪਾਰਟੀਆਂ ਆਪਣੇ ਹੀ ਲੋਕਾਂ ਨੂੰ ਲੁੱਟ ਰਹੀਆਂ ਹਨ। ਰਜਨੀਕਾਂਤ ਨੇ ਕਿਹਾ ਕਿ ਉਹ ਅਜਿਹੇ ਨਿਸ਼ਕਾਮ ਵਾਲੰਟੀਅਰ ਚਾਹੁੰਦੇ ਹਨ ਜੋ ਪੱਖਪਾਤ ਜਾਂ ਭ੍ਰਿਸ਼ਟਾਚਾਰ ਨੂੰ ਸਹਿਣ ਨਾ ਕਰਨ। ਅਦਾਕਾਰ ਨੇ ਕਿਹਾ ਕਿ ਪਹਿਲਾ ਕੰਮ ਪ੍ਰਸ਼ੰਸਕਾਂ ਦੇ ਕਲੱਬਾਂ ਨੂੰ ਇਕਸਾਰ ਕਰਨ ਦਾ ਹੋਵੇਗਾ ਅਤੇ ਇਸ ‘ਚ ਸਾਰੇ ਵਰਗਾਂ ਦੇ ਲੋਕ ਲਿਆਉਣੇ ਪੈਣਗੇ। ‘ਸਿਆਸਤ ‘ਚ ਆਉਣ ਦਾ ਜੇਕਰ ਹੁਣ ਵੀ ਮੈਂ ਕੋਈ ਫ਼ੈਸਲਾ ਨਾ ਲੈਂਦਾ ਤਾਂ ਮੇਰੀ ਮੌਤ ਤਕ ਤਾਮਿਲ ਲੋਕਾਂ ਲਈ ਕੁਝ ਚੰਗਾ ਨਾ ਕਰਨ ਦੀ ਮੇਰੀ ਚਾਹਤ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ।’ ਇਸ ਮੌਕੇ ਉਨ੍ਹਾਂ ਭਗਵਤ ਗੀਤਾ ਦਾ ਸ਼ਲੋਕ ਵੀ ਪੜ੍ਹਿਆ। ਇਕ ਹੋਰ ਅਦਾਕਾਰ ਕਮਲ ਹਾਸਨ ਨੇ ਟਵੀਟ ਕਰਕੇ ਰਜਨੀਕਾਂਤ ਦੇ ਸਿਆਸਤ ‘ਚ ਦਾਖ਼ਲੇ ਦਾ ਸਵਾਗਤ ਕੀਤਾ ਹੈ।