‘ਆਪ’ ਉਮੀਦਵਾਰ ਖਜੂਰੀਆ ਦੇ ਗੰਨਮੈਨ ਨੇ ਘਰ ਦੇ ਬਾਹਰ ਕੀਤੀ ਅੰਨ੍ਹੇਵਾਹ ਫਾਇਰਿੰਗ

‘ਆਪ’ ਉਮੀਦਵਾਰ ਖਜੂਰੀਆ ਦੇ ਗੰਨਮੈਨ ਨੇ ਘਰ ਦੇ ਬਾਹਰ ਕੀਤੀ ਅੰਨ੍ਹੇਵਾਹ ਫਾਇਰਿੰਗ

ਪਠਾਨਕੋਟ/ਬਿਊਰੋ ਨਿਊਜ਼ :

ਗੁਰਦਾਸਪੁਰ ਜ਼ਿਮਨੀ ਚੋਣ ਦੇ ‘ਆਪ’ ਉਮੀਦਵਾਰ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਗੰਨਮੈਨ ਕਮਾਂਡੋ ਲਖਵਿੰਦਰ ਸਿੰਘ ਨੇ ਪਠਾਨਕੋਟ ਵਿੱਚ ਵਿਕਟੋਰੀਆ ਅਸਟੇਟ ਸਥਿਤ ਸ੍ਰੀ ਖਜੂਰੀਆ ਦੇ ਘਰ ਅੱਗੇ ਆਪਣੀ ਐਸਐਲਆਰ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ। ਫਾਇਰਿੰਗ ਦੀ ਆਵਾਜ਼ ਸੁਣ ਕੇ ਫ਼ੌਜ ਦੀ ਕਿਊ.ਆਰ. ਟੀਮ ਮੌਕੇ ‘ਤੇ ਪੁੱਜ ਗਈ ਤੇ ਅਤਿਵਾਦੀ ਹਮਲਾ ਸਮਝ ਕੇ ਪੁਜ਼ੀਸ਼ਨਾਂ ਲੈ ਲਈਆਂ। ਸੂਚਨਾ ਮਿਲਣ ‘ਤੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਵੀ ਮੌਕੇ ‘ਤੇ ਪੁੱਜ ਗਏ ਤੇ ਲਖਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਖ਼ਿਲਾਫ਼ ਸ਼ਾਹਪੁਰਕੰਡੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਕਮਾਂਡੋ ਲਖਵਿੰਦਰ ਸਿੰਘ ਨੇ ਸਵੇਰੇ ਸਾਢੇ ਚਾਰ ਵਜੇ ਅੱਧਾ ਦਰਜਨ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ‘ਤੇ ਆਪਣੀ ਐਸਐਲਆਰ ਨਾਲ ਫਾਇਰਿੰਗ ਕੀਤੀ ਤੇ ਕੁਝ ਘਰਾਂ ਵਿੱਚ ਵੀ ਗੋਲੀਆਂ ਦਾਗੀਆਂ। ਗੋਲੀਆਂ ਲੱਗਣ ਨਾਲ ਚਾਰ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਕਾਲੋਨੀ ਵਾਸੀ ਹਰਭਜਨ ਲਾਲ, ਸੁਰਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਉਨ੍ਹਾਂ ਦੇਖਿਆ ਕਿ ਕਾਲੀ ਵਰਦੀ ਵਾਲਾ ਵਿਅਕਤੀ ਉਨ੍ਹਾਂ ਦੇ ਘਰਾਂ ‘ਤੇ  ਗੋਲੀਆਂ ਚਲਾ ਰਿਹਾ ਸੀ, ਜਿਸ ਨਾਲ ਖਿੜਕੀਆਂ ਨੁਕਸਾਨੀਆਂ ਗਈਆਂ। ਉਹ ਡਰ ਕੇ ਘਰਾਂ ਦੇ ਅੰਦਰ ਹੀ ਚਲੇ ਗਏ ਤੇ ਫੋਨ ‘ਤੇ ਇੱਕ-ਦੂਜੇ ਨਾਲ ਰਾਬਤਾ ਬਣਾਇਆ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ‘ਆਪ’ ਉਮੀਦਵਾਰ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਦੀ ਸੁਰੱਖਿਆ ਵਿੱਚ ਤਾਇਨਾਤ ਕਮਾਂਡੋ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
‘ਆਪ’ ਨੇ ਕਾਂਗਰਸ ‘ਤੇ ਘਟੀਆ ਸਿਆਸਤ ਦਾ ਲਾਇਆ ਦੋਸ਼ :
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਗਿਆ ਕਿ ਸੁਰੇਸ਼ ਖਜੂਰੀਆ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਘਟੀਆ ਰਾਜਨੀਤੀ ‘ਤੇ ਉੱਤਰ ਆਈ ਹੈ। ਚੋਣ ਜ਼ਾਬਤਾ ਲੱਗਣ ਕਾਰਨ ਪੰਜਾਬ ਸਰਕਾਰ ਵੱਲੋਂ ਮੇਜਰ ਜਨਰਲ ਖਜੂਰੀਆ ਲਈ ਪਟਿਆਲੇ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਲਈ ਦੋ ਗਾਰਡ।ੇਜੇ ਗਏ। ਸਰਕਾਰੀ ਗਾਰਡ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨੂੰ ਮੇਜਰ ਜਨਰਲ ਖਜੂਰੀਆ ਨੇ ਖ਼ੁਦ ਫੜ ਕੇ ਪੁਲੀਸ ਹਵਾਲੇ ਕੀਤਾ। ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਇਸ ਦਾ ਦੋਸ਼ ਸ੍ਰੀ ਖਜੂਰੀਆ ਦੇ ਮੱਥੇ ਮੜ੍ਹ ਕੇ ਅਤੇ ਵਾਲੰਟੀਅਰਾਂ ਨੂੰ ਡਰਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਖਜ਼ੂਰੀਆ ਨੇ 4 ਕਰੋੜ ਦੀ ਜਾਇਦਾਦ ਐਲਾਨੀ
‘ਆਪ’ ਉਮੀਦਵਾਰ ਮੇਜਰ ਜਨਰਲ (ਸੇਵਾ ਮੁਕਤ) ਸੁਰੇਸ਼ ਕੁਮਾਰ ਖਜ਼ੂਰੀਆ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ 4.11 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ। ਆਪਣੇ ਨਾਮਜ਼ਦਗੀ ਪੱਤਰ ਵਿਚ ਖਜ਼ੂਰੀਆ (64) ਨੇ 7.75 ਲੱਖ ਰੁਪਏ ਦੀਆਂ ਦੋ ਕਾਰਾਂ ਅਤੇ ਅਚੱਲ ਜਾਇਦਾਦ ਵਿਚ ਪਠਾਨਕੋਟ, ਰਾਜਸਥਾਨ ਅਤੇ ਬੇਂਗਲੁਰੂ ਵਿਚ ਰਿਹਾਇਸ਼ੀ ਜਾਇਦਾਦ ਤੇ ਖੇਤੀਬਾੜੀ ਵਾਲੀ ਜ਼ਮੀਨ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੀ ਪਤਨੀ ਤ੍ਰਿਪਤਾ ਖਜ਼ੂਰੀਆ ਦੇ ਨਾਂਅ ‘ਤੇ ਜਾਇਦਾਦ ਦਾ ਵੀ ਵੇਰਵਾ ਦਿੱਤਾ ਹੈ। ਖਜ਼ੂਰੀਆ ਤੇ ਉਨ੍ਹਾਂ ਦੀ ਪਤਨੀ ਨੇ ਕ੍ਰਮਵਾਰ 79 ਲੱਖ ਰੁਪਏ ਤੇ 36.61 ਲੱਖ ਰੁਪਏ ਦੀ ਚੱਲ ਜਾਇਦਾਦ ਐਲਾਨੀ ਹੈ। ਖਜ਼ੂਰੀਆ ਕੋਲ 1.50 ਲੱਖ ਰੁਪਏ ਨਕਦ ਅਤੇ ਉਨ੍ਹਾਂ ਦੀ ਪਤਨੀ ਕੋਲ 60 ਹਜ਼ਾਰ ਰੁਪਏ ਦੀ ਨਕਦੀ ਹੈ। ਤ੍ਰਿਪਤਾ ਖਜ਼ੂਰੀਆ ਕੋਲ 4.50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ। ‘ਆਪ’ ਉਮੀਦਵਾਰ ਤੇ ਉਨ੍ਹਾਂ ਦੀ ਪਤਨੀ ਨੇ ਸਾਲ 2017-18 ਲਈ ਆਮਦਨ ਕ੍ਰਮਵਾਰ 15.67 ਲੱਖ ਰੁਪਏ ਤੇ 3.78 ਲੱਖ ਰੁਪਏ ਐਲਾਨੀ ਹੈ।