ਗੁਰਦਾਸਪੁਰ ਜ਼ਿਮਨੀ ਚੋਣ : ਸਵਰਨ ਸਲਾਰੀਆ ਬਣੇ ਭਾਜਪਾ ਉਮੀਦਵਾਰ

ਗੁਰਦਾਸਪੁਰ ਜ਼ਿਮਨੀ ਚੋਣ : ਸਵਰਨ ਸਲਾਰੀਆ ਬਣੇ ਭਾਜਪਾ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਜਪਾ ਹਾਈਕਮਾਨ ਨੇ ਗੁਰਦਾਸਪੁਰ ਸਭਾ ਉਪ ਚੋਣ ਲਈ ਸਵਰਨ ਸਿੰਘ ਸਲਾਰੀਆ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਦੇ ਸੂਬਾ ਸਕੱਤਰ ਸ੍ਰੀ ਵਿਨੀਤ ਜੋਸ਼ੀ ਨੇ ਦੱਸਿਆ ਕਿ ਸਲਾਰੀਆ, ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ ਅਤੇ ਗੁਰਦਾਸਪੁਰ ਦੀਆਂ 2 ਲੋਕ ਸਭਾ ਚੋਣਾਂ ਅਤੇ 2 ਵਿਧਾਨ ਸਭਾ ਚੋਣਾਂ ਦੌਰਾਨ ਉੱਥੋਂ ਦੇ ਇੰਚਾਰਜ ਵਜੋਂ ਪਾਰਟੀ ਨੂੰ ਆਪਣੀਆਂ ਸੇਵਾਂਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਲਾਰੀਆ ਨੇ ਪਿਛਲੀ ਗੁਰਦਾਸਪੁਰ ਲੋਕ ਸਭਾ ਚੋਣ ਵੇਲੇ ਵੀ ਟਿਕਟ ‘ਤੇ ਆਪਣੀ ਦਾਅਵੇਦਾਰੀ ਜਤਾਈ ਸੀ, ਉਸ ਵੇਲੇ ਪਾਰਟੀ ਹਾਈਕਮਾਨ ਨੇ ਸਲਾਰੀਆ ਨੂੰ ਅਗਲੀ ਲੋਕ ਸਭਾ ਚੋਣ ਵੇਲੇ ਟਿਕਟ ਦੇਣ ਦੀ ਗੱਲ ਆਖੀ ਸੀ। ਚੇਤੇ ਰਹੇ ਕਿ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਸਲਾਰੀਆ ਅਤੇ ਕਵਿਤਾ ਖੰਨਾ ਦੇ ਨਾਂਅ ਪਾਰਟੀ ਹਾਈਕਮਾਨ ਨੂੰ। ਭੇਜੇ ਸਨ। ਐਲਾਨ ਤੋਂ ਪਹਿਲਾਂ ਤੱਕ ਪੰਜਾਬ ਭਾਜਪਾ ਦੇ ਬਹੁਤੇ ਆਗੂ ਇਹੀ ਸੋਚ ਰਹੇ ਸਨ ਕਿ ਗੁਰਦਾਸਪੁਰ ਦੇ ਵੋਟਰਾਂ ਤੋਂ ਹਮਦਰਦੀ ਦੇ ਆਧਾਰ ‘ਤੇ ਵੋਟ ਹਾਸਲ ਕਰਨ ਪਾਰਟੀ ਹਾਈਕਮਾਨ ਵੱਲੋਂ ਕਵਿਤਾ ਖੰਨਾ ਨੂੰ ਹੀ ਉਮੀਦਵਾਰ ਐਲਾਨਿਆ ਜਾਵੇਗਾ, ਪ੍ਰੰਤੂ ਪਾਰਟੀ ਹਾਈਕਮਾਨ ਨੇ ਸਲਾਰੀਆ ‘ਤੇ ਭਰੋਸਾ ਪ੍ਰਗਟ ਕੀਤਾ ਹੈ। ਹਾਈਕਮਾਨ ਦੇ ਇਸ ਫ਼ੈਸਲੇ ਤੋਂ ਭਾਜਪਾ ਦੇ ਕੁਝ ਸੂਬਾਈ ਆਗੂ ਹੈਰਾਨੀ ਦੇ ਆਲਮ ਵਿਚ ਹਨ।