ਪਿੰਡ ਫੁੰਮਣਵਾਲ ‘ਚ ਗ੍ਰੰਥੀ ਨੇ ਲਿਆ ਫਾਹਾ

ਪਿੰਡ ਫੁੰਮਣਵਾਲ ‘ਚ ਗ੍ਰੰਥੀ ਨੇ ਲਿਆ ਫਾਹਾ

ਭਵਾਨੀਗੜ੍ਹ/ਬਿਊਰੋ ਨਿਊਜ਼ :
ਪਿੰਡ ਫੁੰਮਣਵਾਲ ਵਿੱਚ ਗੁਰਦੁਆਰੇ ਦੇ ਗ੍ਰੰਥੀ ਗੁਰਪ੍ਰੀਤ ਸਿੰਘ (34 ਸਾਲ) ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਦੇ ਸਰਪੰਚ ਬੀਰਬਲ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਗੁਰਦੁਆਰੇ ਤੋਂ ਨਿਤਨੇਮ ਦੀ ਬਾਣੀ ਸ਼ੁਰੂ ਨਾ ਹੋਈ ਤਾਂ ਸੰਗਤ ਗੁਰਦੁਆਰੇ ਪੁੱਜੀ। ਲੋਕਾਂ ਨੇ ਗ੍ਰੰਥੀ ਗੁਰਪ੍ਰੀਤ ਸਿੰਘ ਦੇ ਰਿਹਾਇਸ਼ੀ ਕਮਰੇ ਕੋਲ ਜਾ ਕੇ ਦੇਖਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ। ਇਸ ਮਗਰੋਂ ਪੁਲੀਸ ਨੂੰ ਸੂਚਿਤ ਕੀਤਾ। ਡੀਐਸਪੀ ਸੰਗਰੂਰ ਸੰਦੀਪ ਵਡੇਰਾ ਨੇ ਦੱਸਿਆ ਕਿ ਪੁਲੀਸ ਚੌਕੀ ਚੰਨੋਂ ਦੇ ਮੁਲਾਜ਼ਮਾਂ ਨੇ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਗ੍ਰੰਥੀ ਗੁਰਪ੍ਰੀਤ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਕਮਰੇ ਵਿਚੋਂ ਖ਼ੁਦਕੁਸ਼ੀ ਨੋਟ ਮਿਲਿਆ, ਜਿਸ ਵਿੱਚ ਗੁਰਪ੍ਰੀਤ ਸਿੰਘ ਨੇ ਲਿਖਿਆ ਸੀ ਕਿ ਉਸ ਦੀ ਮੌਤ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਗ੍ਰੰਥੀ ਗੁਰਪ੍ਰੀਤ ਸਿੰਘ ਦਾ ਜੱਦੀ ਪਿੰਡ ਸਬਜ਼ਾ (ਪਟਿਆਲਾ) ਸੀ, ਪਰ ਉਹ ਪਿਛਲੇ 10 ਸਾਲਾਂ ਤੋਂ ਇੱਥੇ ਗੁਰਦੁਆਰੇ ਵਿਚ ਰਹਿ ਰਿਹਾ ਸੀ।