ਧਮਾਕਾਖੇਜ਼ ਸਮੱਗਰੀ ਕੇਸ ਵਿਚੋਂ ਭਾਈ ਹਰਮਿੰਦਰ ਸਿੰਘ ਮਿੰਟੂ ਬਰੀ

ਧਮਾਕਾਖੇਜ਼ ਸਮੱਗਰੀ ਕੇਸ ਵਿਚੋਂ ਭਾਈ ਹਰਮਿੰਦਰ ਸਿੰਘ ਮਿੰਟੂ ਬਰੀ

ਪਟਿਆਲਾ/ਬਿਊਰੋ ਨਿਊਜ਼ :
ਇਥੇ ਕੇਂਦਰੀ ਜੇਲ੍ਹ ਵਿਚ ਬੰਦ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ 7 ਸਾਲ ਪੁਰਾਣੇ ਧਮਾਕਾਖੇਜ਼ ਸਮੱਗਰੀ ਕੇਸ ਵਿੱਚੋਂ ਬਰੀ ਹੋ ਗਿਆ ਹੈ। ਥਾਣਾ ਸਦਰ ਨਾਭਾ ਵਿਚ ਇਹ ਕੇਸ 2010 ਵਿਚ ਦਰਜ ਹੋਇਆ ਸੀ। ਭਾਈ ਮਿੰਟੂ ਦੀ ਗ੍ਰਿਫ਼ਤਾਰੀ 2014 ਵਿਚ ਹੋਈ ਸੀ ਜਦੋਂ ਮਲੇਸ਼ੀਆ ਵਿਚ ਫੜੇ ਜਾਣ ਬਾਅਦ ਉਸ ਨੂੰ ਭਾਰਤ ਹਵਾਲੇ ਕੀਤਾ ਸੀ। ਦਿੱਲੀ ਹਵਾਈ ਅੱਡੇ ‘ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਲਿਆਂਦਾ ਗਿਆ ਸੀ।
ਨਾਭਾ ਪੁਲੀਸ ਨੇ ਰੋਹਟੀ ਦੇ ਪੁਲਾਂ ਕੋਲ ਲਾਏ ਨਾਕੇ ਦੌਰਾਨ ਇੱਕ ਕਾਰ ਵਿਚੋਂ ਪਿਸਤੌਲ,।315 ਬੋਰ ਬੰਦੂਕ, ਕਾਰਤੂਸ, 40 ਸਟਿੱਕਾਂ ਡਾਇਟੋਮੀਟਰ, ਡੈਕੋਨ ਪਾਊਡਰ ਦੀਆਂ 30 ਸਟਿੱਕਾਂ ਬਰਾਮਦ ਕਰਨ ਦਾ ਦਾਅਵਾ ਕਰਦਿਆਂ 21 ਫਰਵਰੀ, 2010 ਨੂੰ ਇਹ ਕੇਸ ਦਰਜ ਕੀਤਾ ਸੀ। ਸਥਾਨਕ  ਅਦਾਲਤ ਨੇ 3 ਮਾਰਚ, 2014 ਨੂੰ ਜਸਵੀਰ ਸਿੰਘ ਜੱਸਾ ਅਤੇ ਹਰਜੰਟ ਸਿੰਘ ਨੂੰ 5-5 ਸਾਲ ਦੀ ਸਜ਼ਾ ਸੁਣਾਉਂਦਿਆਂ ਬਖਸ਼ੀਸ਼ ਸਿੰਘ ਬਾਬਾ (ਜੋ ਡੇਰਾ ਸਿਰਸਾ ਮੁਖੀ ‘ਤੇ ਕਰਨਾਲ ਨੇੜੇ ਸਟਿੱਪਣੀ ਬੰਬ ਨਾਲ ਹਮਲਾ ਕਰਨ ਬਾਅਦ ਮਸ਼ਹੂਰ ਹੋਇਆ ਸੀ), ਹਕੀਕਤ ਰਾਏ, ਪਰਗਟ  ਸਿੰੰਘ ਭਲਵਾਨ ਅਤੇ ਸੁਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਹੁਣ ਸਿਰਫ਼ ਭਾਈ ਮਿੰਟੂ ਖ਼ਿਲਾਫ਼ ਸੁਣਵਾਈ ਚੱਲਦੀ ਸੀ। ਵਧੀਕ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਨੇ ਭਾਈ ਮਿੰਟੂ ਨੂੰ ਬਰੀ ਕਰ ਦਿੱਤਾ।
ਜੇਲ੍ਹ ‘ਚੋਂ ਨਾ ਭੱਜਦਾ ਤਾਂ ਭਾਈ ਮਿੰਟੂ ਨੇ ਹੁਣ ਹੋ ਜਾਣਾ ਸੀ ਆਜ਼ਾਦ
ਜੇਕਰ ਨਵੰਬਰ 2016 ਵਿਚ ਭਾਈ ਹਰਮਿੰਦਰ ਮਿੰਟੂ ਨਾਭਾ ਜੇਲ੍ਹ ਵਿਚੋਂ ਨਾ ਭੱਜਦਾ ਤਾਂ ਉਸ ਨੇ ਹੁਣ ਰਿਹਾਅ ਹੋ ਜਾਣਾ ਸੀ ਕਿਉਂਕਿ ਉਹ ਨਾਭਾ ਗੈਸ ਪਲਾਂਟ ‘ਤੇ ਬੰਬ ਫਿੱਟ ਕਰਨ ਸਮੇਤ ਲੁਧਿਆਣਾ ਆਧਾਰਤ ਇੱਕ ਹੋਰ ਕੇਸ ਵਿਚੋਂ ਪਹਿਲਾਂ ਹੀ ਬਰੀ ਹੋ ਚੁੱਕਾ ਹੈ ਜਦੋਂ ਕਿ 4 ਕੇਸਾਂ ਵਿਚ ਉਸ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ। ਭਾਈ ਮਿੰਟੂ ਦੇ ਪਟਿਆਲਾ ਤੋਂ ਬਾਹਰਲੇ ਕੇਸਾਂ ਦੀ ਪੈਰਵੀ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।