ਪੰਜਾਬੀ ਭਾਸ਼ਾ ਦੇ ਮੁੱਦੇ ‘ਤੇ ਦਿੱਲੀ ਕਮੇਟੀ ਨੇ ਕੇਜਰੀਵਾਲ ਸਰਕਾਰ ਨੂੰ ਘੇਰਿਆ

ਪੰਜਾਬੀ ਭਾਸ਼ਾ ਦੇ ਮੁੱਦੇ ‘ਤੇ ਦਿੱਲੀ ਕਮੇਟੀ ਨੇ ਕੇਜਰੀਵਾਲ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਵਿਚ ਮਾਂ-ਬੋਲੀ ਪੰਜਾਬੀ ਨੂੰ ਮਾੜੀ ਸਥਿਤੀ ਤੋਂ ਉਭਾਰ ਕੇ ਉਸ ਦਾ ਬਣਦਾ ਸਤਿਕਾਰ ਦਿਵਾਉਣ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਫ਼ੈਸਲਿਆਂ ਦਾ ਐਲਾਨ ਕੀਤਾ ਹੈ। ਦਿੱਲੀ ਕਮੇਟੀ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ, ਦਿੱਲੀ ਵਿਚ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਜਿੱਥੇ ਇਕ ਪਾਸੇ ਛੇਤੀ ਦਿੱਲੀ ਸਰਕਾਰ ਦੀ ਸਿਆਸੀ ਘੇਰਾਬੰਦੀ ਕਰਨ ਦੀ ਗੱਲ ਆਖੀ ਹੈ ਉੱਥੇ ਹੀ ਪੂਰੀ ਦਿੱਲੀ ਵਿਚ ਮਾਂ-ਬੋਲੀ ਸਤਿਕਾਰ ਲਹਿਰ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਦੋਵਾਂ ਆਗੂਆਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਵੱਲੋਂ ਐਕਟ ਤੋਂ ਬਾਹਰ ਜਾ ਕੇ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਪੰਜਾਬੀ ਅਧਿਆਪਕਾਂ ਦੀ ਭਰਤੀ ਕਰਨ ਤੋਂ ਜਾਣ ਬੁੱਝ ਕੇ ਪਾਸਾ ਵੱਟਿਆ ਜਾ ਰਿਹਾ ਹੈ। ਕਮੇਟੀ ਪ੍ਰਧਾਨ ਜੀ.ਕੇ. ਨੇ ਮਾਂ-ਬੋਲੀ ਸਤਿਕਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਦਿੱਲੀ ਦੇ ਸਮੂਹ ਪੰਜਾਬੀਆਂ ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ‘ਤੇ ਲੱਗਣ ਵਾਲੇ ਪ੍ਰਚਾਰ ਬੋਰਡਾਂ ਵਿਚ ਪੰਜਾਬੀ ਭਾਸ਼ਾ ਦੀ ਲਾਜ਼ਮੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਭਾਸ਼ਾ ਨੂੰ ਸਿਰਫ਼ ਸਿੱਖਾਂ ਨਾਲ ਜੋੜੇ ਜਾਣ ਨਾਲ ਕਾਫ਼ੀ ਨੁਕਸਾਨ ਹੋਇਆ ਹੈ, ਜਦਕਿ ਦੂਜੇ ਭਾਈਚਾਰਿਆਂ ਦੀ ਵੱਡੀ ਗਿਣਤੀ ਵੀ ਪੰਜਾਬੀ ਭਾਸ਼ਾ ਬੋਲਦੇ ਹਨ। ਇਸ ਕਾਨਫ਼ਰੰਸ ਵਿਚ ਮੌਜੂਦ ਮਿਸ਼ਨ ਤਾਲੀਮ ਦੇ ਨਸੀਬ ਅੱਲੀ ਨੇ ਉਰਦੂ ਅਧਿਆਪਕਾਂ ਦੀ ਭਰਤੀ ਦਿੱਲੀ ਸਰਕਾਰ ਵਲੋਂ ਨਾ ਕੀਤੇ ਜਾਣ ਨੂੰ ਗੰਭੀਰ ਮਸਲਾ ਦੱਸਦੇ ਹੋਏ ਭਾਸ਼ਾ ਖੋਹਣ ਨੂੰ ਜੁਬਾਨ ਕੱਟੇ ਜਾਣ ਵਜੋਂ ਪਰਿਭਾਸ਼ਿਤ ਕੀਤਾ।