ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਸਾਬਕਾ ਜਥੇਦਾਰ ਨੰਦਗੜ੍ਹ ਨੇ ਲਿਆ ਸਿਰੋਪਾਓ

ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਸਾਬਕਾ ਜਥੇਦਾਰ ਨੰਦਗੜ੍ਹ ਨੇ ਲਿਆ ਸਿਰੋਪਾਓ

ਕੈਪਸ਼ਨ- ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤਖ਼ਤ ਸਾਹਿਬ ਤੋਂ ਸਿਰਪਾਓ ਦੀ ਬਖਸ਼ਿਸ਼ ਲੈ ਕੇ ਆਉਂਦੇ ਹੋਏ।
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਮਈ 2007 ਵਿੱਚ ਡੇਰਾ ਮੁਖੀ ਵੱਲੋਂ ਡੇਰਾ ਸਲਾਬਤਪੁਰਾ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ ਜਾਮ-ਏ-ਇੰਸਾ ਤਿਆਰ ਕਰਨ ਦੇ ਦੋਸ਼ਾਂ ਉਪਰੰਤ ਉਪਜੇ ਵਿਵਾਦ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਡੇਰਾ ਮੁਖੀ ਦੇ ਜੇਲ੍ਹ ਜਾਣ ਤੱਕ ਕਿਸੇ ਤੋਂ ਵੀ ਸਿਰੋਪਾ ਨਾ ਲੈਣ ਦਾ ਪ੍ਰਣ ਕੀਤਾ ਗਿਆ ਸੀ। ਹੁਣ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਤਖ਼ਤ ਦਮਦਮਾ ਸਾਹਿਬ ਤੋਂ ਸਿਰੋਪਾਓ ਲਿਆ।
ਤਖ਼ਤ ਦਮਦਮਾ ਸਾਹਿਬ ਵਿਖੇ ਜਥੇਦਾਰ ਨੰਦਗੜ੍ਹ ਨੂੰ ਸਿਰੋਪਾਓ ਦੀ ਬਖਸ਼ਿਸ਼ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਮੁੱਖ ਕਾਰਜਕਾਰੀ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ। ਇਸ ਉਪਰੰਤ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਸਾਬਕਾ ਜਥੇਦਾਰ ਸ੍ਰੀ ਨੰਦਗੜ੍ਹ ਨੇ ਸੀਬੀਆਈ ਦੀ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਡੇਰਾ ਮੁਖੀ ਨੂੰ ਸਜ਼ਾ ਹੋਣ ਸਮੇਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਣ ਅਤੇ ਹਿੰਸਾ ਰੋਕਣ ਲਈ ਚੁੱਕੇ ਗਏ ਕਦਮਾਂ ‘ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।