‘ਡਾਲਰਾਂ ਦੀ ਬੁਘਨੀ’ ਨਾਟਕ ਨਾਲ ਟੈਕਸਾਸ ਸੂਬੇ ਦੇ ਫਰਿਸਕੋ ਸ਼ਹਿਰ ਵਿਚ ਪੰਜਾਬੀ ਰੰਗਮੰਚ ਦਾ ਆਗਾਜ਼

‘ਡਾਲਰਾਂ ਦੀ ਬੁਘਨੀ’ ਨਾਟਕ ਨਾਲ ਟੈਕਸਾਸ ਸੂਬੇ ਦੇ ਫਰਿਸਕੋ ਸ਼ਹਿਰ ਵਿਚ ਪੰਜਾਬੀ ਰੰਗਮੰਚ ਦਾ ਆਗਾਜ਼

ਫਰਿਸਕੋ, ਟੈਕਸਾਸ/ਹੁਸਨ ਲੜੋਆ ਬੰਗਾ :
‘ਗਰਾਰੀ ਥੀਏਟਰ ਗਰੁਪ’ ਫਰਿਸਕੋ (ਡਾਲਸ ਸ਼ਹਿਰ ਨੇੜੇ) ਦੇ ਡਾਇਰੈਕਟਰ ਗਗਨਦੀਪ ਸਿੰਘ ਬਾਛਲ ਅਤੇ ਉਨ੍ਹਾਂ ਦੀ ਪਤਨੀ ਅਮਨਜੋਤ ਕੌਰ ਸੰਧੂ ਬਾਛਲ ਦੇ ਉਦਮਾਂ ਸਦਕਾ ਫਰਿਸਕੋ ਸ਼ਹਿਰ ਦੇ ਸੈਨਟੇਨਿਅਲ ਹਾਈ ਸਕੂਲ ਦੇ ਆਡੀਟੋਰੀਅਮ ਵਿਚ ‘ਡਾਲਰਾਂ ਦੀ ਬੁਘਨੀ’ ਨਾਟਕ ਦਾ ਮੰਚਨ ਕੀਤਾ ਗਿਆ। ਨਾਟਕ ਦਾ ਵਿਸ਼ਾ-ਵਸਤੂ ਚੰਗੇਰੇ ਭਵਿੱਖ ਦੀ ਆਸ ਵਿਚ ਆਪਣੇ ਮਾਂ-ਬਾਪ, ਜਮੀਨਾਂ ਅਤੇ ਇਥੋਂ ਤਕ ਸਰਕਾਰੀ ਨੌਕਰੀਆਂ ਛੱਡ ਅਮਰੀਕਾ ਤੁਰ ਗਏ ਦੋ ਭਰਾਵਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ । ਨਾਟਕ ਵਿਚ ਪਿੱਛੇ ਰਹਿ ਗਏ ਬੁੱਢੇ ਮਾਪਿਆਂ ਦੇ ਦੁੱਖਾਂ ਦਰਦਾਂ ਦੀ ਕਹਾਣੀ ਦੇ ਨਾਲ ਨਵੇਂ ਦੇਸ਼ ਵਿਚ ਜਾ ਕੇ ਪਰਵਾਸ ਦੀ ਸਮੱਸਿਆ ਤੇ ਨਵੇਂ ਰੁਜ਼ਗਾਰ ਲਈ ਧੱਕੇ-ਧੋੜਿਆਂ ਤੋਂ ਇਲਾਵਾ ਅਮਰੀਕਾ ਵਿਚ ਜਾ ਕੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਪੰਦਰਾ ਪਾਤਰਾਂ ਦੀ ਮਦਦ ਨਾਲ ਬੁਣਿਆ ਗਿਆ ਹੈ ।
ਇਸ ਨਾਟਕ ਦੀ ਸਫ਼ਲ ਪੇਸ਼ਕਾਰੀ ਗਗਨਦੀਪ ਦੇ ਨਾਟਕ-ਨਿਰਦੇਸ਼ਨ ਅਤੇ ਅਮਨਜੋਤ ਦੇ ਸਿਰਜਨਾਤਮਕ ਕਲਾ ਨਿਰਦੇਸ਼ਨ ਰਾਹੀਂ ਸੰਭਵ ਹੋ ਸਕੀ ਹੈ । ਨਾਟਕ ਦੇ ਮੁੱਖ ਕਿਰਦਾਰ ਅਮਰੀਕ ਦਾ ਰੋਲ ਗਗਨਦੀਪ ਸਿੰਘ ਬਾਛਲ ਨੇ ਬਾਖੂਬੀ ਨਿਭਾਇਆ ਹੈ । ਇਸ ਨਾਟਕ ਦੇ ਹੋਰ ਕਲਾਕਾਰ-ਸੁਖ, ਰਮਨ, ਇੰਦਰ, ਹਰਜਸ, ਅਰਸ਼, ਮਨਵੀਰ, ਗੌਰਵ, ਸਿਧਾਰਥ, ਲੀਸਾ, ਕਾਇਰਾ, ਤਲਵੀਰ, ਜਸਵੀਨ, ਰੂਹਾਨ, ਜਸਮਨ ਹਨ । ਇਸ ਨਾਟਕ ਦੇ ਬਾਕੀ ਟੀਮ ਮੈਂਬਰਾਂ ਪ੍ਰਭਜੋਤ ਕੌਰ ਸੰਧੂ ਨੇ ਬੈਕਗਰਾਊਂਡ ਸਾਊਂਡ ਅਤੇ ਅਲਾਪ ਦੀ ਪੇਸ਼ਕਾਰੀ ਬਾਖ਼ੂਬੀ ਨਿਭਾਈ। ਇਸੇ ਤਰ੍ਹਾਂ ਤ੍ਰਿਭਵਨ ਸਿੰਘ ਸੰਧੂ ਨੇ ‘ਡਾਲਰਾਂ ਦੀ ਬੁਘਨੀ’ ਵਿਚ ਗ੍ਰਾਫ਼ਿਕ ਡਿਜ਼ਾਈਨਰ ਵਜੋਂ ਕਲਾਤਮਕ ਕੰਮ ਕੀਤਾ ਤੇ ਮਨੀਤ ਕੌਰ ਬੰਬਾਹ ਨੇ ਕਾਸਟਿਊਮ ਤੇ ਸੈੱਟ ਡਿਜ਼ਾਈਨ ਵਿਚ ਮਦਦ ਕੀਤੀ । ਨਾਟਕ ਦੇ ਕਲਾਕਾਰ ਛੇ ਸਾਲ ਦੀ ਉਮਰ ਤੋਂ ਲੈ ਕੇ 45 ਸਾਲ ਦੀ ਉਮਰ ਤਕ ਦੇ ਸਨ ।
‘ਡਾਲਰਾਂ ਦੀ ਬੁਘਨੀ’ ਨਾਟਕ ਮੰਚਨ ਹਿੰਦੂ, ਮੁਸਲਿਮ, ਸਿੱਖ, ਈਸਾਈ ਸਮਾਜਾਂ ਦਾ ਸੰਗਮ ਹੋ ਨਿਬੜਿਆ । ਪੰਜਾਬੀ ਕਾਰੋਬਾਰੀਆਂ ਵੱਲੋਂ ਸਪੌਂਸਰ ਕਰਨ ਤੇ ਦਰਸ਼ਕਾਂ ਲਈ ਐਂਟਰੀ ਫਰੀ ਰੱਖੀ ਗਈ। ਅੰਗਰੇਜ਼ ਸਿੰਘ, ਪੈਨੀ ਸਿੱਧੂ, ਬੌਬੀ ਸੰਧੂ, ਜਗਜੀਤ ਮਾਂਗਟ, ਅਜਮੇਰ ਸਿੰਘ, ਦਵਿੰਦਰ ਸਿੰਘ, ਡੀ ਸੀ ਬੁੱਟਰ, ਅੰਮ੍ਰਿਤ ਵਿਰਕ, ਜੋਗਾ ਸੰਧੂ, ਪ੍ਰਦੀਪ ਸਿੰਘ, ਹਰਜੀਤ ਢੇਸੀ, ਸੁਰਿੰਦਰ ਬੇਕਰ, ਸ਼ੇਰਾ ਰੰਧਾਵਾ, ਮਨਵੀਰ ਸਿੰਘ, ਸੁਰਿੰਦਰ ਥਿੰਦ, ਰੋਹਿਤ ਅਤੇ ਕ੍ਰਿਸ ਓਲੀਘ ਇਸ ਦੇ ਸਪੌਂਸਰ ਸਨ। ਇਨ੍ਹਾਂ ਦੁਆਰਾ ਖੇਡੇ ਗਏ ਨਾਟਕ ‘ਬੁੱਕਲ ਦੀ ਅੱਗ’ ਨੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ ।