ਪੰਜਾਬੀਆਂ ਵਲੋਂ ਲੰਘਣ ਵਾਲੇ ਵਰ੍ਹੇ ਨੂੰ ‘ਸੰਗੀਤਕ ਅਲਵਿਦਾ’

ਪੰਜਾਬੀਆਂ ਵਲੋਂ ਲੰਘਣ ਵਾਲੇ ਵਰ੍ਹੇ ਨੂੰ ‘ਸੰਗੀਤਕ ਅਲਵਿਦਾ’

ਗੀਤ-ਸੰਗੀਤ ਐਂਟਰਟੇਨਮੈਂਟ ਦੀ ਸੁਰੀਲੀ ਸ਼ਾਮ ਨੇ ਸਭਨਾਂ ਦੇ ਮਨ ਮੋਹੇ
ਫਰੀਮਾਂਟ/ਹੁਸਨ ਲੜੋਆ ਬੰਗਾ:
ਗੀਤ-ਸੰਗੀਤ ਐਂਟਰਟੇਨਮੈਂਟ ਵੱਲੋਂ ਪ੍ਰੋਗਰਾਮ ਜੋ ਪੈਰਾਡਾਈਜ ਬਾਲਰੂਮ ਫਰੀਮਾਂਟ’ਚ ”ਸ਼ਾਮ ਸ਼ੁਨਿਹਰੀ” ਬਣਾ ਕੇ ਪੇਸ਼ ਕੀਤਾ ਗਿਆ ਜੋ ਨਵੇਂ ਆ ਰਹੇ ਵਰ•ੇ ਨੂੰ ਸਮਰਪਤ ਸੀ। ਇਸ ਪ੍ਰੋਗਰਾਮ ਵਿੱਚ ਜਿਥੇ ਵੱਖ ਵੱਖ ਵੱਖ ਗਾਇਕ ਕਲਾਕਾਰਾਂ ਨੇ ਸਮੂਲੀਅਤ ਕੀਤੀ ਉਥੇ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਵੀ ਭਰਪੂਰ ਦਰਸ਼ਕ ਰੂਪੀ ਹਾਜਰੀ ਭਰੀ। ਪੰਜਾਬੀ ਕਲਾਕਾਰਾਂ ਵਿੱਚ ਸੁਰਿੰਦਰ ‘ਛਿੰਦਾ’ ਅਤੇ ਐਚ ਐਸ ਭਜਨ ਦੇ ਗਾਏ ਗੀਤਾਂ ਨੇ, ਪੈਰਾਡਾਈਜ ਬਾਲਰੂਮਜ ਨੂੰ, ਸੁਰ-ਤਾਲ, ਸੁਰੀਲੀ ਜੋਸ਼ੀਲੀ ਆਵਾਜ਼ ਤੇ ਹੇਕਾਂ ਨਾਲ ਇਹੋ ਜਿਹਾ ਭਰਪੂਰ ਕੀਤਾ ਕਿ ਨੱਕੋ-ਨੱਕ ਭਰੇ ਹਾਲ ਵਿਚਲੇ ਦਰਸ਼ਕਾਂ ਨੇ ਪੂਰਾ ਸੰਗੀਤਕ ਅਨੰਦ ਲਿਆ।। ਦੋਹਾਂ ਗਾਇਕਾਂ ਨੇ ਇਸ ਪ੍ਰੋਗਰਾਮ ‘ਚ ਆਪਣੇ ਆਪਣੇ ਚਰਚਿੱਤ ਨਵੇਂ ਪੁਰਾਣੇ ਗੀਤਾਂ ਨਾਲ ਭਰਪੂਰ ਹਾਜਰੀ ਲੁਆਈ।
ਪ੍ਰਬੰਧਕਾਂ’ਚ ਆਸ਼ਾ ਸ਼ਰਮਾ ਅਤੇ ਸੁਖਦੇਵ ਸਾਹਿਲ ਵਲੋਂ ਕੀਤੇ ਪੁਖਤਾ ਪ੍ਰਬੰਧਾਂ ‘ਚ ਸ਼ਾਮ-ਸੁਨਹਿਰੀ ਵਿਚਲਾ ਸਾਜ਼ਗਾਰ ਮਾਹੌਲ ਹਰ ਹਾਜ਼ਰ ਸਖ਼ਸ਼ ਨੂੰ ਮਨੋਂ-ਦਿਲੋਂ ਛੂਹ ਗਿਆ। ਪੰਜਾਬੀਅਤ ਦੇ ਰੰਗ ‘ਚ ਰੰਗੇ ਇਸ ਮਾਹੌਲ ‘ਚ, ਇੱਕ ਤੋਂ ਵੱਧ ਇੱਕ ਸੁਰੀਲੇ ਸੁਰਾਂ ਵਾਲੇ ਗੀਤਾਂ ਨੇ ਦਰਸ਼ਕਾਂ ਨੂੰ ਇਹੋ ਜਿਹਾ ਕੀਲਿਆ ਕਿ ਰਤਾ ਭਰ ਵੀ ਹਿਲਜੁਲ, ਰੌਲਾ-ਰੱਪਾ, ਸ਼ੋਰ-ਸ਼ਰਾਬਾ ਕਿਧਰੇ ਵੀ ਵੇਖਣ ਨੂੰ ਨਾ ਮਿਲਿਆ।
ਸ਼ਾਮ-ਸੁਨਿਹਰੀ ਦਾ ਆਗਾਜ਼ ਸੁਖਦੇਵ ਸਾਹਿਲ ਨੇ ਕੀਤਾ। ਫਿਰ ਸਾਹਿਲ ਦੇ ਸ਼ਗਿਰਦ ਨਵ ਰੰਧਾਵਾ ਨੇ ਸੁਰੀਲੇ ਸੁਰਾਂ ‘ਚ ਹਾਜ਼ਰੀ ਲਗਵਾਈ। ਟੀਨਾ ਮਾਨ ਨੇ ਸੁਚੱਜੇ, ਸੋਹਣੇ-ਮਨਮੋਹਣੇ ਇਹੋ ਜਿਹੇ ਗੀਤ ਗਾਏ ਕਿ ਉਸਦੀ ਮਿੱਠੀ ਆਵਾਜ਼ ਨਾਲ ਹਾਲ ਮਹਿਕ ਉਠਿਆ।
ਪੰਜਾਬੀ ਸਭਾਆਚਾਰ ਨੂੰ ਸਮਰਪਿਤ ਇਸ ਪ੍ਰੋਗਰਾਮ ਦਾ ਸੰਚਾਲਨ ਬੋਲਾਂ ਦੀ ਮਲਕਾ ਆਸ਼ਾ ਸ਼ਰਮਾ ਨੇ ਕੀਤਾ। ਇਸ ਸਮੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਆਸ਼ਾ ਸ਼ਰਮਾ ਦੇ ਉਸਤਾਦ ਹਰਜਿੰਦਰ ਕੰਗ ਨੇ ਆਪਣੀ ਰਚਨਾਵਾਂ ਪੰਜਾਬੀ ਪਿਆਰਿਆਂ ਸੰਗ ਸਾਂਝੀਆਂ ਕੀਤੀਆਂ ਅਤੇ ਸਾਬਤ ਕੀਤਾ ਕਿ ਉਹ ਪੰਜਾਬੀ ਸਾਹਿਤ ਤੇ ਬੋਲੀ ਦਾ ਨਾਮਵਰ ਹਸਤਾਖਰ ਹੈ।
ਸਮੇਂ ਸਮੇਂ ਉੱਘੇ ਕਾਮੇਡੀਅਨ ਜਸਵੀਰ ਗਿੱਲ ਅਤੇ ਰੂਬੀ ਦਿਊਲ ਨੇ ਵੀ ਅਪਣੀ ਕਲਾ ਰਾਹੀਂ ਪ੍ਰੋਗਰਾਮ ਨੂੰ ਸਿਖ਼ਰ ‘ਤੇ ਪਹੁੰਚਾਉਣ ‘ਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।
ਪ੍ਰੋਗਰਾਮ ਸਮੇਂ ਸੁਰਿੰਦਰ ਛਿੰਦਾ ਦੀ ਸੀ ਡੀ ਕਿਸ਼ਨਾ ਮੌੜ, ਨਿਰਮਲ ਸਿੰਘ ਥਿਆੜਾ, ਮਨਦੀਪ ਥਿਆੜਾ, ਮਨਜੀਤ ਥਿਆੜਾ ਨੇ ਆਪਣੇ ਸ਼ੁਭ ਕਮਲਾਂ ਨਾਲ ਰਲੀਜ਼ ਕੀਤੀ। ਵਿਦੇਸ਼ਾਂ ਵਿੱਚ ਪੰਜਾਬੀ ਗਾਇਕੀ ਅਖਾੜਿਆਂ ਦੇ ਮੋਢੀ ਐਚ ਐਸ ਭਜਨ ਨੂੰ ਗੀਤ ਸੰਗੀਤ ਐਂਟਰਨੇਨਮੈਂਟ ਵਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਬੰਧਕਾਂ ਆਸ਼ਾ ਸ਼ਰਮਾ ਤੇ ਸੁੱਖਦੇਵ ਸਾਹਿਲ ਤੇ ਹੋਰਨਾਂ ਵੱਲੋਂ ਭੇਂਟ ਕੀਤਾ ਗਿਆ। ਉਨ•ਾਂ ਦੀਆਂ ਪ੍ਰਾਪਤੀਆਂ ਦਰਸਾਉਂਦਾ ਮਾਣ-ਪੱਤਰ ਹਰਜਿੰਦਰ ਕੰਗ ਨੇ ਪੜਿਆ। ਐਚ ਐਸ ਭਜਨ ਅਤੇ ਉਨ•ਾਂ ਦੀ ਪਤਨੀ ਨੂੰ ਸੋਨੇ ਦੀਆਂ ਮੁੰਦਰੀਆਂ ਪ੍ਰਬੰਧਕਾਂ ਵਲੋਂ ਪੁਆਈਆ ਗਈਆਂ ਅਤੇ ਇਹ ਰਸਮ ਮਾਤਾ ਦੇਵਿੰਦਰ ਕੌਰ ਦਿਉਲ ਅਤੇ ਦਲਵੀਰ ਕੌਰ ਔਲਖ ਨੇ ਨਿਭਾਈ। ਵਿਲੱਖਣ ਨਿਵੇਕਲੀ ਸ਼ਾਮ ਸੁਨਿਹਰੀ ਵਿਦੇਸ਼ ਵਸਦੇ ਪੰਜਾਬੀਆਂ ਦੇ ਹਿਰਦਿਆਂ ‘ਚ ਇੱਕ ਛਾਪ ਛੱਡਦੀ ਦੇਰ ਰਾਤ ਖਤਮ ਹੋਈ, ਜਿਸ ਵਿੱਚ ਹਰ ਖੇਤਰ ਦੇ ਪੰਜਾਬੀ, ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ।