ਦਲ ਖ਼ਾਲਸਾ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਮਾਰਚ

ਦਲ ਖ਼ਾਲਸਾ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਮਾਰਚ
ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਜਲੰਧਰ ਵਿਚ ਕਾਲੀ ਝੰਡੀਆਂ ਲੈ ਕੇ ਰੋਸ ਮਾਰਚ ਕੱਢਦੇ ਹੋਏ ਦਲ ਖ਼ਾਲਸਾ ਦੇ ਮੈਂਬਰ।

ਜਲੰਧਰ/ਬਿਊਰੋ ਨਿਊਜ਼ :
ਦਲ ਖ਼ਾਲਸਾ ਨੇ 70ਵੇਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਰਕਾਰੀ ਜਸ਼ਨਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਦੋਂ ਇੰਗਲੈਂਡ ਵੱਲੋਂ ਸਕਾਟਲੈਂਡ ਅਤੇ ਕੈਨੇਡਾ ਵੱਲੋਂ ਕਿਊਬਿਕ ਵਿੱਚ ਦੋ ਵਾਰ ਰਾਇਸ਼ੁਮਾਰੀ ਦਾ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਭਾਰਤ ਸਰਕਾਰ ਪੰਜਾਬ ਅਤੇ ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ।
ਦਲ ਖ਼ਾਲਸਾ ਵੱਲੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿੱਚ ਕੀਤੇ ਇਕੱਠ ਤੋਂ ਬਾਅਦ ਰੋਸ ਮਾਰਚ ਵੀ ਕੀਤਾ ਗਿਆ ਅਤੇ ਸਿੱਖ ਰਾਜ ਦੀ ਸਥਾਪਤੀ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਮੇਂ ਸਿੱਖ ਲੀਡਰਸ਼ਿੱਪ ਨੂੰ ਲਿਖਤੀ ਤੇ ਜ਼ੁਬਾਨੀ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਅਜਿਹਾ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ ਪਰ 70 ਸਾਲ ਬਾਅਦ ਵੀ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਿਦ ਨੇ ਕਿਹਾ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਤੋਂ ‘ਨਾਟਕੀ ਢੰਗ’ ਨਾਲ ਦੇਸ਼ ਨੂੰ ਸੰਬੋਧਨ ਕਰਨਗੇ ਅਤੇ ਦੇਸ਼ ਵਿੱਚ ਵਾਪਰ ਰਹੀਆਂ ਫਿਰਕੂ ਘਟਨਾਵਾਂ ਦੀ ਉਹ ਨਿੰਦਾ ਤਾਂ ਜ਼ਰੂਰ ਕਰਨਗੇ ਪਰ ਅਜਿਹੀਆਂ ਫਿਰਕੂ ਤਾਕਤਾਂ ਨੂੰ ਅੰਦਰਖਾਤੇ ਕਥਿਤ ਤੌਰ ‘ਤੇ ਹੱਲਾਸ਼ੇਰੀ ਵੀ ਦੇਣਗੇ।
ਦਲ ਖ਼ਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਰਾਸ਼ਟਰਵਾਦ ਦੇ ਨਾਂ ਹੇਠ ਲੋਕਾਂ ‘ਤੇ ‘ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ’ ਵਰਗੇ ਨਾਅਰੇ ਜਬਰੀ ਥੋਪੇ ਜਾ ਰਹੇ ਹਨ। 36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿੱਚ ਦਲ ਖ਼ਾਲਸਾ ਦੇ ਪੰਜ ਆਗੂਆਂ ਖਿਲਾਫ਼ ਦੇਸ਼ ਧਰੋਹ ਦੇ ਦੋਸ਼ਾਂ ਹੇਠ ਨਵੇਂ ਸਿਰਿਉਂ ਕੇਸ ਚਲਾਉਣ ਲਈ ਬੁਲਾਰਿਆਂ ਨੇ ਭਾਰਤ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ।
ਇਸ ਮੌਕੇ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਕਿ ਇਹ ਦੁੱਖ ਦੀ ਗੱਲ ਹੈ ਕਿ ਭਾਰਤ 70 ਸਾਲ ਬਾਅਦ ਵੀ ਬਸਤੀਵਾਦੀ ਯੁੱਗ ਦੇ ਕਾਨੂੰਨ ਖ਼ਤਮ ਕਰਨ ਵਿੱਚ ਅਸਫ਼ਲ ਰਿਹਾ ਹੈ। ਬਰਤਾਨੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਦੇਸ਼ ਧਰੋਹ ਸਬੰਧੀ ਕਾਨੂੰਨ ਖ਼ਤਮ ਕਰ ਦਿੱਤੇ ਹਨ ਅਤੇ ਹੁਣ ਸਮਾਂ ਹੈ ਕਿ ਭਾਰਤ ਵੀ ਇਸ ਕਾਲੇ ਕਾਨੂੰਨ ਨੂੰ ਖ਼ਤਮ ਕਰ ਦੇਵੇ।