ਬੀਬੀਆਂ ਵੱਲੋਂ ਕੀਰਤਨ ਬਾਰੇ ਫ਼ੈਸਲੇ ਦਾ ਅਧਿਕਾਰ ਜਥੇਦਾਰ ਕੋਲ : ਬਡੂੰਗਰ

ਬੀਬੀਆਂ ਵੱਲੋਂ ਕੀਰਤਨ ਬਾਰੇ ਫ਼ੈਸਲੇ ਦਾ ਅਧਿਕਾਰ ਜਥੇਦਾਰ ਕੋਲ : ਬਡੂੰਗਰ

ਕੈਪਸ਼ਨ- ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦੇ ਹੋਏ।  
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਮਸਲੇ ‘ਤੇ ਫ਼ੈਸਲਾ ਲੈਣ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੈ ਪਰ ਉਹ ਸਮੂਹ ਵਿਸ਼ਵ ਭਰ ਦੀਆਂ ਬੀਬੀਆਂ ਦੀ ਇਸ ਮੰਗ ਨੂੰ ਜਥੇਦਾਰ ਦੇ ਧਿਆਨ ਵਿੱਚ ਜ਼ਰੂਰ ਲਿਆਉਣਗੇ।
ਧਰਮ ਪ੍ਰਚਾਰ ਮੁਹਿੰਮ ਦੇ ਆਗਾਜ਼ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਬੀਆਂ ਵੱਲੋਂ ਕੀਰਤਨ ਦੀ ਇਹ ਮੰਗ ਬਹੁਤ ਪੁਰਾਣੀ ਹੈ ਅਤੇ ਪਹਿਲਾਂ ਵੀ ਇਸ ਲਈ ਕਮੇਟੀ ਬਣਾਈ ਗਈ ਸੀ ਪਰ ਉਦੋਂ ਬੀਬੀਆਂ ਦੇ ਦੋ ਧੜੇ ਬਣ ਜਾਣ ਕਾਰਨ ਕਾਫੀ ਝਗੜਾ ਹੋਇਆ ਸੀ ਤੇ ਮਸਲਾ ਵਿਚਾਲੇ ਹੀ ਰਹਿ ਗਿਆ ਸੀ। ਉਹ ਇਸ ਮਸਲੇ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੋਈ ਫ਼ੈਸਲਾ ਲੈਣ ਲਈ ਕਹਿਣਗੇ। ਉਪਰੰਤ ਉਨ੍ਹਾਂ ਤਖ਼ਤ ਕੇਸਗੜ੍ਹ ਸਾਹਿਬ ਦੇ ਮੁੱਖ ਮੈਦਾਨ ਵਿੱਚ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖਤ ਸਾਹਿਬ ਦੀ ਹਦੂਦ ਅਧੀਨ ਆਉਂਦੇ ਅਦਾਰਿਆਂ ਵਿੱਚ 550 ਪੌਦੇ ਲਾਉਣ ਦੀ ਰਸਮੀ ਸ਼ੁਰੂਆਤ ਵੀ ਕੀਤੀ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਵਿੱਚ ਤੇਜ਼ੀ ਲਿਆਉਣ ਦੇ ਇਰਾਦੇ ਨਾਲ ਦੋਆਬਾ ਖਿੱਤੇ ਅਧੀਨ ਆਉਂਦੇ ਪੰਜ ਜ਼ਿਲ੍ਹਿਆਂ ਅਤੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਧਰਮ ਪ੍ਰਚਾਰ ਮੁਹਿੰਮ ਦਾ ਰਸਮੀ ਆਗਾਜ਼ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜੈਕਾਰਿਆਂ ਦੀ ਗੂੰਜ ਵਿਚ ਧਰਮ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ.ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।