ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੂਰੋ ਦੀ ਹੱਤਿਆ ਕਰਨ ਦੀ ਕੋਸ਼ਿਸ਼

ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੂਰੋ ਦੀ ਹੱਤਿਆ ਕਰਨ ਦੀ ਕੋਸ਼ਿਸ਼

ਕਰਾਕਸ/ਬਿਊਰੋ ਨਿਊਜ਼ :
ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੂਰੋ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਹੋਈ ਹੈ। ਵਿਸਫੋਟ ਨਾਲ ਭਰਿਆ ਇਕ ਡਰੋਨ ਉਨ੍ਹਾਂ ਦੇ ਬਿਲਕੁਲ ਸਾਹਮਣੇ ਆ ਕੇ ਅਚਾਨਕ ਫਟ ਗਿਆ,ਪਰ ਰਾਸ਼ਟਰਪਤੀ ਵਾਲ-ਵਾਲ ਬਚ ਗਏ। ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੂਰੋ ਨੇ ਕਿਹਾ ਕਿ ਕਰਾਕਸ ਫੌਜੀ ਪਰੇਡ ਦੌਰਾਨ ਧਮਾਕਾਖੇਜ਼ ਸਮੱਗਰੀ ਨਾਲ ਲੈਸ ਡਰੋਨ ਰਾਹੀਂ ਕੀਤੇ ਗਏ ਹਮਲੇ ‘ਚ ਬਚਣ ਮਗਰੋਂ ਉਹ ਹੋਰ ਮਜ਼ਬੂਤ ਹੋ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਹਮਲੇ ‘ਚ ਸੱਤ ਫੌਜੀ ਜ਼ਖ਼ਮੀ ਹੋਏ ਹਨ। ਮਾਦੁਰੋ ਨੇ ਪਹਿਲਾਂ ਇਸ ਹਮਲੇ ਲਈ ਕੋਲੰਬੀਆ ਨੂੰ ਤੇ ਫਿਰ ਬਾਗੀ ਗਰੁੱਪਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨਿਕੋਲਸ ਮਾਡੂਰੋ ਨੇ ਕਿਹਾ, ‘ਮੈਂ ਠੀਕ ਠਾਕ ਤੇ ਜਿਉਂਦਾ ਹਾਂ ਅਤੇ ਇਸ ਹਮਲੇ ਮਗਰੋਂ ਮੈਂ ਇਨਕਲਾਬ ਦੇ ਰਾਹ ‘ਤੇ ਚੱਲਣ ਲਈ ਹੋਰ ਮਜ਼ਬੂਤ ਹੋ ਗਿਆ ਹਾਂ।’ ਉਨ੍ਹਾਂ ਦੇਸ਼ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਜਾਰੀ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਮੁਕੰਮਲ ਸਜ਼ਾ ਦਿੱਤੀ ਜਾਵੇਗੀ। ਇਸੇ ਦੌਰਾਨ ਅਟਾਰਨੀ ਜਨਰਲ ਤਾਰਿਕ ਵਿਲੀਅਮ ਸਾਬ ਜੋ ਕਿ ਪਰੇਡ ਮੌਕੇ ਹਾਜ਼ਰ ਸਨ, ਨੇ ਕਿਹਾ ਇਸ ਹਮਲੇ ਦੇ ਸਬੰਧ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਸੋਮਵਾਰ ਨੂੰ ਸ਼ਨਾਖ਼ਤ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਰਾਸ਼ਟਰਪਤੀ ਮਾਡੂਰੋ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਨੂੰ ਮਾਰਨ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਚਾਨਕ ਇੱਕ ਉੱਡਦੀ ਹੋਈ ਚੀਜ਼ (ਡਰੋਨ) ਉਨ੍ਹਾਂ ਦੇ ਸਾਹਮਣੇ ਆ ਕੇ ਧਮਾਕੇ ਨਾਲ ਫਟ ਗਈ। ਰਾਸ਼ਟਰਪਤੀ ਨੇ ਕਿਹਾ ਕਿ ਹਮਲੇ ਦੇ ਮਾਮਲੇ ‘ਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਮਾਡੂਰੋ ਨੇ ਇਸ ਹਮਲੇ ਲਈ ਗੁਆਂਢੀ ਮੁਲਕ ਕੋਲੰਬੀਆ ਤੇ ਅਮਰੀਕਾ ਦੇ ਅਣਪਛਾਤੇ ਵਿਰੋਧੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰਪਤੀ ਦੇ ਕਈ ਅਧਿਕਾਰੀਆਂ ਨੇ ਹਮਲੇ ਲਈ ਵੈਨਜ਼ੂਏਲਾ ਦੇ ਵਿਰੋਧੀ ਖੇਮੇ ‘ਤੇ ਜ਼ਿੰਮੇਵਾਰੀ ਸੁੱਟੀ ਹੈ।

ਸਾਡਾ ਕੋਈ ਹੱਥ ਨਹੀਂ: ਅਮਰੀਕਾ
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰਨ ਜੌਹਨ ਬੋਲਟਨ ਨੇ ਕਿਹਾ ਕਿ ਵੈਨੇਜ਼ੂਏਲਾ ਦੇ ਰਾਸ਼ਟਰਪਤੀ ‘ਤੇ ਹੋਏ ਹਮਲੇ ‘ਚ ਅਮਰੀਕਾ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਵੈਨੇਜ਼ੂਏਲਾ ਸਰਕਾਰ ਕੋਲ ਇਸ ਹਮਲੇ ‘ਚ ਅਮਰੀਕਾ ਦੀ ਸ਼ਮੂਲੀਅਤ ਹੋਣ ਬਾਰੇ ਠੋਸ ਜਾਣਕਾਰੀ ਹੈ ਤਾਂ ਉਹ ਇਸ ‘ਤੇ ਗੰਭੀਰਤਾ ਨਾਲ ਵਿਚਾਰ ਜ਼ਰੂਰ ਕਰਨਗੇ।