ਮੋਦੀ ਸਰਕਾਰ ਖ਼ਿਲਾਫ਼ ਬੋਲਣ ਵਾਲੇ ਜੇਐਨਯੂ ਵਿਦਿਆਰਥੀ ਉਮਰ ਖ਼ਾਲਿਦ ‘ਤੇ ਹਮਲਾ

ਮੋਦੀ ਸਰਕਾਰ ਖ਼ਿਲਾਫ਼ ਬੋਲਣ ਵਾਲੇ ਜੇਐਨਯੂ ਵਿਦਿਆਰਥੀ ਉਮਰ ਖ਼ਾਲਿਦ ‘ਤੇ ਹਮਲਾ

ਨਵੀਂ ਦਿੱਲੀ/ਬਿਊਰੋ ਨਿਊਜ਼ :
15 ਅਗਸਤ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਦਿੱਲੀ ‘ਚ ਸਖ਼ਤ ਸੁਰੱਖਿਆ ਵਿਵਸਥਾ ਹੋਣ ਦੇ ਬਾਵਜੂਦ ਵਿਦਿਆਰਥੀ ਉਮਰ ਖ਼ਾਲਿਦ ‘ਤੇ ਕਾਤਲਾਨਾ ਹਮਲਾ ਹੋਣ ਦੀ ਖਬਰ ਹੈ। ਉੱਚ ਸੁਰੱਖਿਆ ਵਾਲੇ ਵੀਆਈਪੀ. ਇਲਾਕੇ ‘ਚ ਇਹ ਹਮਲਾ ਸੁਰੱਖਿਆ ਖ਼ਾਮੀਆਂ ਨੂੰ ਉਜਾਗਰ ਕਰਦਾ ਹੈ। ਸੰਸਦ ਭਵਨ ਦੇ ਨੇੜੇ ਬੇਹੱਦ ਸੁਰੱਖਿਆ ਵਾਲੇ ਇਲਾਕੇ ‘ਚ ਸਥਿਤ ਮਿਲੀ ਜਾਣਕਾਰੀ ਮੁਤਾਬਕ ਕਾਂਸਟੀਚਿਊਸ਼ਨਲ ਕਲੱਬ ਦੇ ਬਾਹਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ.) ਦੇ ਵਿਦਿਆਰਥੀ ਉਮਰ ਖ਼ਾਲਿਦ ‘ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕੀਤੀ ਗਈ। ਹਾਲਾਂਕਿ ਇਸ ਘਟਨਾ ‘ਚ ਖ਼ਾਲਿਦ ਸਮੇਤ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਹੈ ਅਤੇ ਦਿੱਲੀ ਪੁਲਿਸ ਵਲੋਂ ਘਟਨਾ ਵਾਲੀ ਥਾਂ ਤੋਂ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਉਪਰੰਤ ਹਮਲਾਵਰ ਦੇ ਹੱਥਾਂ ‘ਚੋਂ ਪਿਸਤੌਲ ਡਿੱਗ ਪਿਆ ਅਤੇ ਉਹ ਫ਼ਰਾਰ ਹੋ ਗਿਆ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਦੇ ਮੁਤਾਬਿਕ ਉਮਰ ਖ਼ਾਲਿਦ ‘ਯੂਨਾਈਟਿਡ ਅਗੇਂਸਟ ਹੇਟ’ ਸੰਗਠਨ ਦੇ ‘ ਖ਼ੌਫ਼ ਸੇ ਆਜ਼ਾਦੀ’ ਨਾਂਅ ਦੇ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਕਾਂਸਟੀਚਿਊਸ਼ਨਲ ਕਲੱਬ ਪੁੱਜਾ ਸੀ। ਇਕ ਹੋਰ ਚਸ਼ਮਦੀਦ ਮੁਤਾਬਿਕ ਜਦੋਂ ਉਹ ਕਲੱਬ ਦੇ ਬਾਹਰ ਚਾਹ ਦੀ ਦੁਕਾਨ ‘ਤੇ ਖੜ੍ਹੇ ਸਨ ਤਾਂ ਉਸੇ ਸਮੇਂ ਇਕ ਚਿੱਟੀ ਕਮੀਜ਼ ਵਾਲੇ ਵਿਅਕਤੀ ਨੇ ਖ਼ਾਲਿਦ ਨੂੰ ਧੱਕਾ ਦੇ ਕੇ ਗੋਲੀ ਚਲਾ ਦਿੱਤੀ। ਧੱਕੇ ਨਾਲ ਹੇਠਾਂ ਡਿਗ ਜਾਣ ਕਾਰਨ ਗੋਲੀ ਖ਼ਾਲਿਦ ਨੂੰ ਨਹੀਂ ਲੱਗੀ ਅਤੇ ਉਸ ਤੋਂ ਬਾਅਦ ਜਦ ਹਮਲਾਵਰ ਨੂੰ ਕਾਬੂ ‘ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਹਵਾ ‘ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਤੋਂ ਬਾਅਦ ਖ਼ਾਲਿਦ ਨੇ ਕਿਹਾ ਕਿ ਦੇਸ਼ ਵਿਚ ਖ਼ੌਫ਼ ਦਾ ਮਾਹੌਲ ਹੈ, ਸਰਕਾਰ ਖ਼ਿਲਾਫ਼ ਬੋਲਣ ਵਾਲੇ ਹਰ ਵਿਅਕਤੀ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।