ਬੇਅਦਬੀ ਕਾਂਡ : ਗਿਆਨੀ ਗੁਰਮੁਖ ਸਿੰਘ ਦਾ ਭਰਾ ਬਿਆਨਾਂ ਤੋਂ ਮੁੱਕਰਿਆ

ਬੇਅਦਬੀ ਕਾਂਡ : ਗਿਆਨੀ ਗੁਰਮੁਖ ਸਿੰਘ ਦਾ ਭਰਾ ਬਿਆਨਾਂ ਤੋਂ ਮੁੱਕਰਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਬਾਦਲਾਂ ਦੀ ਸੁੱਟੀ ਗਈ ‘ਬੋਟੀ’ ਕੰਮ ਕਰ ਗਈ ਹੈ ਤੇ ਪੰਥ ਦੇ ਨਾਂ ਉਤੇ ”ਪੁਰੋਹਿਤੀ” ਕਰਨ ਵਾਲੇ ਇਕ ਹੋਰ ”ਪੁਜਾਰੀ” ਦਾ ਭਰਾ ਬੇਅਦਬੀ ਕਾਂਡ ਬਾਰੇ ਜਾਂਚ ਕਰ ਰਹੇ ਸਰਕਾਰੀ ਕਮਿਸ਼ਨ ਨੂੰ ਦਿੱਤੀ ਆਪਣੀ ਗਵਾਹੀ ਤੋਂ ਬਦਲ ਗਿਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਅਹਿਮ ਗਵਾਹ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਤੋਂ ਪਾਸਾ ਵੱਟ ਗਿਆ ਹੈ। ਬੇਅਦਬੀ ਕਾਂਡ ਨਾਲ ਸਬੰਧਤ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹਿੰਮਤ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਦੋਸ਼ ਲਗਾਏ ਕਿ ਉਨ੍ਹਾਂ ਨੇ ਜਬਰੀ ਉਸ ਤੋਂ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਵਾਏ। ਉਸ ਨੇ ਪਹਿਲਾਂ ਆਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ (ਹਿੰਮਤ ਸਿੰਘ) ਦੇ ਭਰਾ ਗਿਆਨੀ ਗੁਰਮੁਖ ਸਿੰਘ (ਤਤਕਾਲੀ ਜਥੇਦਾਰ ਤਖ਼ਤ ਦਮਦਮਾ ਸਾਹਿਬ) ਅਤੇ ਹੋਰ ਜਥੇਦਾਰਾਂ ‘ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਦਬਾਅ ਪਾਇਆ ਸੀ। ਉਧਰ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ਾਂ ਨੂੰ ਨਕਾਰਿਆ ਹੈ।
ਜ਼ਿਕਰਯੋਗ ਹੈ ਕਿ ਹਿੰਮਤ ਸਿੰੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ‘ਚ ਭੂਮਿਕਾ ਦੇ ਦੋਸ਼ ਲਾਏ ਜਾਣ ਮਗਰੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਅਪਰੈਲ ‘ਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰੇ ‘ਚ ਤਬਦੀਲ ਕਰ ਦਿੱਤਾ ਸੀ। ਹੁਣ ਅਚਾਨਕ ਲੰਘੀ 3 ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ।
ਹਿੰਮਤ ਸਿੰਘ ਨੇ ਕਿਹਾ ਕਿ ਉਸ ਨੂੰ ਮੰਤਰੀ ਰੰਧਾਵਾ ਤੋਂ ਸਰੀਰਕ ਨੁਕਸਾਨ ਦਾ ਖਦਸ਼ਾ ਹੋਣ ਕਰਕੇ ਉਹ ਛੁਪਿਆ ਹੋਇਆ ਸੀ। ਉਸ ਨੇ ਦੋਸ਼ ਲਗਾਏ ਕਿ ਬਿਆਨ ਪੜ੍ਹਨ ਤਕ ਦੀ ਇਜਾਜ਼ਤ ਨਹੀਂ ਦਿੱਤੀ ਗਈ। ‘ਬਿਆਨ ਅੰਗਰੇਜ਼ੀ ਅਤੇ ਪੰਜਾਬੀ ‘ਚ ਸਨ। ਮੈਂ ਅੰਗਰੇਜ਼ੀ ਨਹੀਂ ਪੜ੍ਹ ਸਕਦਾ ਅਤੇ ਪੰਜਾਬੀ ਵਾਲਾ ਬਿਆਨ ਮੈਨੂੰ ਦਿਖਾਇਆ ਹੀ ਨਹੀਂ ਗਿਆ। ਹਿੰਮਤ ਸਿੰਘ ਨੇ ਕਿਹਾ ਕਿ ਰਿਪੋਰਟ ‘ਚ ਆਖਿਆ ਗਿਆ ਹੈ ਕਿ ਉਹ ਸਤੰਬਰ 2015 ‘ਚ ਬਾਦਲਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਤਲਬ ਕੀਤੇ ਗਏ ਸਿੰਘ ਸਾਹਿਬਾਨ ਨਾਲ ਮੌਜੂਦ ਸੀ। ਉਸ ਮੁਤਾਬਕ ਕਮਿਸ਼ਨ ਦੀ ਰਿਪੋਰਟ ‘ਚ ਉਸ ਦਾ ਨਾਮ ਗਵਾਹ ਵਜੋਂ ਦਰਸਾਇਆ ਗਿਆ ਹੈ ਜੋ 16 ਸਤੰਬਰ 2015 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮੌਜੂਦ ਸੀ ਜਿਥੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਾਦਲਾਂ ਦੇ ਆਖਣ ‘ਤੇ ਪੱਤਰ ਪੜ੍ਹਿਆ ਜਿਸ ‘ਚ ਕਿਹਾ ਗਿਆ ਕਿ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮਾਮਲੇ ‘ਚ ਮੁਆਫ਼ੀ ਮੰਗੀ ਹੈ ਅਤੇ ਸਾਰੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਦੇ ਸਮਾਜਿਕ ਬਾਈਕਾਟ ਦੇ ਜਾਰੀ ਹੁਕਮਨਾਮੇ ਨੂੰ ਵਾਪਸ ਲਿਆ ਜਾਵੇ।
ਸੂਤਰਾਂ ਨੇ ਕਿਹਾ ਕਿ ਹਿੰਮਤ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਸੁਖਬੀਰ ਸਿੰਘ ਬਾਦਲ ਉਸ ਦੇ ਫੋਨ ਰਾਹੀਂ ਭਰਾ ਗਿਆਨੀ ਗੁਰਮੁਖ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹੁਕਮਨਾਮਾ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ। ਹਿੰਮਤ ਸਿੰਘ ਨੇ ਕਿਹਾ,”ਮੈਨੂੰ ਬਿਆਨ ਬਾਰੇ ਅਖ਼ਬਾਰਾਂ ‘ਚ ਪੜ੍ਹਨ ਮਗਰੋਂ ਪਤਾ ਲੱਗਿਆ ਪਰ ਮੈਂ ਉਸ ਤਰੀਕ ਨੂੰ ਨਾ ਤਾਂ ਬਾਦਲਾਂ ਨੂੰ ਮਿਲਣ ਗਿਆ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ‘ਚ ਗਿਆ। ਮੇਰੇ ‘ਤੇ ਰੰਧਾਵਾ ਨੇ ਚੰਡੀਗੜ੍ਹ ਆਉਣ ਅਤੇ 11 ਦਸੰਬਰ 2017 ਨੂੰ ਆਧਾਰਹੀਣ ਬਿਆਨਾਂ ‘ਤੇ ਦਸਤਖ਼ਤ ਕਰਨ ਲਈ ਦਬਾਅ ਬਣਾਇਆ ਜਿਸ ਮਗਰੋਂ ਮੈਂ ਪਿਛਲੇ ਸਾਲ ਅਕਤੂਬਰ ‘ਚ ਗ੍ਰੰਥੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਸਟਿਸ ਰਣਜੀਤ ਸਿੰਘ ਨੇ ਵੀ ਮੈਨੂੰ ਆਖਿਆ ਕਿ ਮੈਂ ਦਸਤਖ਼ਤ ਕੀਤੇ ਬਿਆਨ ਦਾ ਖ਼ੁਲਾਸਾ ਨਾ ਕਰਾਂ ਅਤੇ ਇਹੋ ਕਬੂਲ ਕਰਾਂ ਕਿ ਮੈਂ ਹੀ ਬਿਆਨ ਦਿੱਤਾ ਹੈ। ਮੈਂ ਕਦੇ ਬਾਦਲਾਂ ਨਾਲ ਨਹੀਂ ਮਿਲਿਆ ਪਰ ਜਦੋਂ ਮੈਂ ਅਸਤੀਫ਼ਾ ਦੇ ਦਿੱਤਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਮੇਰੇ ‘ਤੇ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਦੋਸ਼ ਲਾਉਣ ਲਈ ਦਬਾਅ ਬਣਾਉਂਦਾ ਰਿਹਾ। ਉਹ ਵੱਟਸਐਪ ਅਤੇ ਫੋਨ ਕਾਲਾਂ ਕਰਦਾ ਰਿਹਾ ਜਿਸ ਨੂੰ ਤੁਸੀਂ ਮੇਰੇ ਕਾਲ ਰਿਕਾਰਡ ‘ਚ ਵੀ ਦੇਖ ਸਕਦੇ ਹੋ। ਪੱਕਾ ਸਿੱਖ ਹੋਣ ਦੇ ਨਾਤੇ ਬੇਅਦਬੀ ਦੀਆਂ ਘਟਨਾਵਾਂ ਨਾਲ ਮੇਰਾ ਹਿਰਦਾ ਵੀ ਵਲੂੰਧਰਿਆ ਗਿਆ ਸੀ ਪਰ ਮੇਰੀ ਆਤਮਾ ਮੈਨੂੰ ਕਿਸੇ ‘ਤੇ ਦੋਸ਼ ਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਜੋ ਬੇਕਸੂਰ ਹੈ।” ਉਸ ਨੇ ਕਮਿਸ਼ਨ ਦੇ ਚੇਅਰਮੈਨ ਅਤੇ ਸ੍ਰੀ ਰੰਧਾਵਾ ਨਾਲ ਬੈਠਕਾਂ ਦੀਆਂ ਤਸਵੀਰਾਂ ਵੀ ਦਿਖਾਈਆਂ।
ਉਧਰ ਜਦੋਂ ਸ੍ਰੀ ਰੰਧਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ,”ਹਿੰਮਤ ਸਿੰਘ ਮੇਰੇ ਸਮਰਥਕ ਰੁਪਿੰਦਰ ਸਿੰਘ ਨਾਲ ਮੈਨੂੰ ਦੋ ਵਾਰ ਮਿਲਿਆ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ। ਦਸਵੀਂ ਪਾਸ ਹੋਣ ਕਰਕੇ ਉਹ ਕਿਸੇ ਵੀ ਨੌਕਰੀ ਦੇ ਯੋਗ ਨਹੀਂ ਹੈ। ਉਂਜ ਮੈਂ ਉਸ ਨੂੰ ਸਹਾਇਤਾ ਦਾ ਵਾਅਦਾ ਕੀਤਾ ਸੀ ਪਰ ਹੁਣ ਮੈਨੂੰ ਨਹੀਂ ਪਤਾ ਕਿ ਉਹ ਆਧਾਰਹੀਣ ਦੋਸ਼ ਕਿਉਂ ਮੜ੍ਹ ਰਿਹਾ ਹੈ। ਕਮਿਸ਼ਨ ਮੂਹਰੇ ਪੇਸ਼ ਹੋਣ ਅਤੇ ਬਿਆਨ ਦੇਣ ‘ਚ ਵੀ ਮੇਰੀ ਕੋਈ ਭੂਮਿਕਾ ਨਹੀਂ ਹੈ।” ਮੰਤਰੀ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਦੇ ਵੀਡਿਓ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਜਸਟਿਸ ਰਣਜੀਤ ਸਿੰਘ ਨੇ ਵੀ ਹਿੰਮਤ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੰਦਿਆਂ ਉਸ ਵੱਲੋਂ ਬਿਆਨਾਂ ਤੋਂ ਪਾਸਾ ਵੱਟਣ ‘ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਆਪ ਮੁਹਾਰੇ ਹੀ ਕਮਿਸ਼ਨ ਕੋਲ ਆਇਆ ਸੀ ਅਤੇ ਸੱਤ ਪੰਨਿਆਂ ਦਾ ਦਸਤਖ਼ਤਾਂ ਵਾਲਾ ਬਿਆਨ ਦਿੱਤਾ ਸੀ ਜੋ ਰਿਪੋਰਟ ਨਾਲ ਨੱਥੀ ਹੈ। ”ਮੈਂ ਉਸ ਨੂੰ ਕਿਸੇ ਖਿਲਾਫ਼ ਬਿਆਨ ਦੇਣ ਲਈ ਕਿਉਂ ਦਬਾਅ ਪਾਵਾਂਗਾ। ਮੈਂ ਤਾਂ ਉਸ ਨੂੰ ਤਲਬ ਵੀ ਨਹੀਂ ਕੀਤਾ ਸੀ। ਉਸ ਦੇ ਦਸਤਖ਼ਤਾਂ ਵਾਲਾ ਰਿਕਾਰਡ ਕੀਤਾ ਬਿਆਨ ਪੰਜਾਬੀ ਵਿੱਚ ਵੀ ਮੌਜੂਦ ਹੈ।” ਉਨ੍ਹਾਂ ਕਿਹਾ ਕਿ ਭਰਾ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਤੋਂ ਬਹਾਲ ਕੀਤੇ ਜਾਣ ਕਰਕੇ ਹੋ ਸਕਦਾ ਹੈ ਕਿ ਹਿੰਮਤ ਸਿੰਘ ਨੇ ਬਿਆਨ ਬਦਲ ਲਿਆ ਪਰ ਹਿੰਮਤ ਸਿੰਘ ਨੇ ਹੀ ਉਨ੍ਹਾਂ ਨੂੰ 24 ਸਤੰਬਰ 2015 ਨੂੰ ਡੇਰਾ ਮੁਖੀ ਨੂੰ ਮੁਆਫ਼ੀਨਾਮੇ ਅਤੇ 16 ਅਕਤੂਬਰ 2015 ਨੂੰ ਮੁਆਫ਼ੀਨਾਮਾ ਵਾਪਸ ਲੈਣ ਸਬੰਧੀ ਗੁਰਮਤੇ ਦੀਆਂ ਕਾਪੀਆਂ ਵੀ ਦਿੱਤੀਆਂ ਸਨ।