ਆਪ ਦਾ ਬਾਗੀ ਧੜੇ ਨੇ ਖਹਿਰੇ ਨੂੰ ਬਣਾਇਆ ਆਰਜ਼ੀ ਪ੍ਰਧਾਨ

ਆਪ ਦਾ ਬਾਗੀ ਧੜੇ ਨੇ ਖਹਿਰੇ ਨੂੰ ਬਣਾਇਆ ਆਰਜ਼ੀ ਪ੍ਰਧਾਨ

ਚੰਡੀਗੜ੍ਹ/ਬਿਊਰੋ ਨਿਊਜ਼ :
ਹਾਲ ਹੀ ‘ਚ ਪੰਜਾਬ ਆਏ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਗੀ ਧਿਰ ਨਾਲ ਗੱਲਬਾਤ ਕਰਨ ਲਈ ਕੁਝ ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਸੀ ਅਤੇ ਲੋੜ ਪੈਣ ‘ਤੇ ਖੁਦ ਵੀ ਸ੍ਰੀ ਖਹਿਰਾ ਨੂੰ ਮਿਲਣ ਦੀ ਹਾਮੀ ਭਰੀ ਸੀ। ਸ੍ਰੀ ਕੇਜਰੀਵਾਲ ਦੀ ਇਸ ਪਹਿਲਕਦਮੀ ਦਾ ਹੁੰਗਾਰਾ ਭਰਨ ਦੀ ਥਾਂ ਬਾਗੀ ਧੜੇ ਵੱਲੋਂ ਆਪਣਾ ਵੱਖਰਾ ਪ੍ਰਧਾਨ ਨਿਯੁਕਤ ਕਰਨ ਤੋਂ ਸੰਕੇਤ ਮਿਲੇ ਹਨ ਕਿ ਖਹਿਰਾ ਧੜਾ ਹੁਣ ਪਾਰਟੀ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹੈ ਅਤੇ ਵੱਖਰੇ ਤੀਜੇ ਸਿਆਸੀ ਬਦਲ ਲਈ ਢਾਂਚਾ ਤਿਆਰ ਕਰਨ ਦੀ ਤਾਕ ਵਿੱਚ ਹੈ।
ਆਮ ਆਦਮੀ ਪਾਰਟੀ (ਆਪ) ਵੱਲੋਂ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਬਾਗੀ ਧਿਰ ਦੇ ਆਰਜ਼ੀ ਪ੍ਰਧਾਨ ਬਣ ਗਏ ਹਨ। ‘ਆਪ’ ਦੀ ਬਾਗੀ ਧਿਰ ਵੱਲੋਂ ਬਣਾਈ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਇਥੇ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵਿੱਚ ਸ੍ਰੀ ਖਹਿਰਾ ਨੂੰ ਪੰਜਾਬ ਦਾ ਆਰਜ਼ੀ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਗਿਆ। ਦੂਜੇ ਪਾਸੇ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬਾਗੀ ਧੜੇ ਨੂੰ ਝਟਕਾ ਦਿੰਦਿਆਂ ਸ੍ਰੀ ਖਹਿਰਾ ਨਾਲ ਖੜ੍ਹੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਥਾਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਚੀਫ ਵ੍ਹਿਪ ਨਿਯੁਕਤ ਕਰ ਦਿੱਤਾ ਹੈ। ਇਸੇ ਤਰ੍ਹਾਂ ਬਾਗੀ ਧਿਰ ਨਾਲ ਜੁੜੇ ਵਿਧਾਇਕ ਪਿਰਮਲ ਸਿੰਘ ਦੀ ਥਾਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵ੍ਹਿਪ ਨਿਯੁਕਤ ਕੀਤਾ ਹੈ। ਪਾਰਟੀ ਨਾਲ ਖੜ੍ਹੀ ਵਿਧਾਇਕ ਰੁਪਿੰਦਰ ਕੌਰ ਰੂਬੀ ਕੋਲ ਪਹਿਲਾਂ ਵਾਂਗ ਵ੍ਹਿਪ ਦਾ ਅਹੁਦਾ ਬਰਕਰਾਰ ਰਹੇਗਾ। ਸ੍ਰੀ ਚੀਮਾ ਨੇ ਇਨ੍ਹਾਂ ਨਵੀਆਂ ਨਿਯੁਕਤੀਆਂ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਵੀ ਲਿਖ ਦਿੱਤਾ ਹੈ।
ਉਧਰ ਖਹਿਰਾ ਦੇ ਬਾਗੀ ਧੜੇ ਨੇ ਜਲਦੀ ਹੀ ਆਪਣੀ ਸੂਬਾ ਕਾਰਜਕਾਰਨੀ ਕਮੇਟੀ ਬਣਾਉਣ ਸਮੇਤ ਜ਼ਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਬਾਗੀ ਧੜੇ ਦੀ ਪੀਏਸੀ ਦੀ ਇਥੇ ਹੋਈ ਮੀਟਿੰਗ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਸ੍ਰੀ ਖਹਿਰਾ ਨੂੰ ਆਪਣੇ ਧੜੇ ਦਾ ਆਰਜ਼ੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਵਿੱਚੋ ਪ੍ਰਵਾਨਗੀ ਲੈ ਕੇ ਇਹ ਅਹੁਦਾ ਸਾਂਭਣਗੇ।
ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ ਵਿੱਚ ਹਨ ਅਤੇ ਉਹ ਜਲਦ ਹੀ ਤੀਸਰੀ ਧਿਰ ਉਸਾਰ ਕੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਤੋਂ ਨਿਜਾਤ ਦਿਵਾਉਣਗੇ। ਪੀਏਸੀ ਦੀ ਮੀਟਿੰਗ ਵਿੱਚ ਇਸ ਧਿਰ ਨਾਲ ਜੁੜੇ ਕੁੱਲ੍ਹ ਅੱਠ ਵਿਧਾਇਕਾਂ ਵਿੱਚੋਂ 6 ਵਿਧਾਇਕ ਸ੍ਰੀ ਖਹਿਰਾ, ਸ੍ਰੀ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਸ਼ਾਮਲ ਹੋਏ ਜਦਕਿ ਦੋ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਤੇ ਮਾਸਟਰ ਬਲਦੇਵ ਸਿੰਘ ਹਾਜ਼ਰ ਨਹੀਂ ਸਨ। ਸ੍ਰੀ ਖਹਿਰਾ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦਾ ਧੜਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰਨ ਦੇ ਫੈਸਲੇ ਨੂੰ ਰੱਦ ਕਰ ਚੁੱਕਾ ਹੈ, ਇਸ ਲਈ ਸ੍ਰੀ ਚੀਮਾ ਵੱਲੋਂ ਬੁਲਾਈ ਜਾ ਰਹੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਜੇ ਪਾਸੇ ਸ੍ਰੀ ਸੰਧੂ ਨੇ ਕਿਹਾ ਕਿ ਉਹ ਪਾਰਟੀ ਵਿੱਚ ਹਨ ਅਤੇ ‘ਆਪ’ ਨੂੰ ਮਜ਼ਬੂਤ ਕਰਨ ਲਈ ਹੀ ਸਰਗਰਮ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਜੇ ਸ੍ਰੀ ਕੇਜਰੀਵਾਲ ਗੱਲਬਾਤ ਲਈ ਸੱਦਣਗੇ ਤਾਂ ਪੀਏਸੀ ਫੈਸਲਾ ਕਰੇਗੀ ਕਿ ਗੱਲਬਾਤ ਦਾ ਸੱਦਾ ਕਬੂਲ ਕਰਨਾ ਹੈ ਜਾਂ ਨਹੀਂ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਸੁਖਪਾਲ ਖਹਿਰਾ ਨੇ ਬਾਗੀ ਧਿਰ ਦਾ ਪ੍ਰਧਾਨ ਬਣ ਕੇ ਉਨ੍ਹਾਂ ਕੋਲੋਂ ਖੁੱਸੇ ਵਿਰੋਧੀ ਧਿਰ ਦੇ ਆਗੂ ਦੀ ਭੁੱਖ ਪੂਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਦਾਅਵਾ ਕਰਦੇ ਆ ਰਹੇ ਸਨ ਕਿ ਉਹ ਅਹੁਦਿਆਂ ਲਈ ਨਹੀਂ ਪੰਜਾਬ ਲਈ ਲੜ ਰਹੇ ਹਨ ਪਰ ਅੱਜ ਸਾਫ ਹੋ ਗਿਆ ਹੈ ਕਿ ਉਹ ਕੇਵਲ ਅਹੁਦਿਆਂ ਤਕ ਹੀ ਸੀਮਤ ਹਨ।