ਅਕਾਲੀ ਆਗੂ ਮਨਜੀਤ ਜੀਕੇ ਦਾ ਅਮਰੀਕਾ ‘ਚ ਤਿੱਖਾ ਵਿਰੋਧ

ਅਕਾਲੀ ਆਗੂ ਮਨਜੀਤ ਜੀਕੇ ਦਾ ਅਮਰੀਕਾ ‘ਚ ਤਿੱਖਾ ਵਿਰੋਧ

ਨਿਊਯਾਰਕ ਵਿਚ ਜੀਕੇ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਦੀ ਅਗਵਾਈ ਕਰ ਰਹੇ ਹਿੰਮਤ ਸਿੰਘ।
ਨਿਊਯਾਰਕ/ਹੁਸਨ ਲੜੋਆ ਬੰਗਾ :
96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਮਰਥਨ ਨਾਲ ਬਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਅਕਾਲੀ ਦਲ ਬਾਦਲ ਦੇ ਲੀਡਰਾਂ ਦਾ ਅਮਰੀਕਾ ਵਿਚ ਆਉਣ ਉਤੇ ਤਿੱਖਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਵਿਚ ਸ਼ਹੀਦ ਕੀਤੇ ਗਏ ਸਿੰਘਾਂ ਦੇ ਪਿੱਛੇ ਅਕਾਲੀ ਦਲ ਬਾਦਲ ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪੁਲੀਸ ਦੇ ਅਧਿਕਾਰੀਆਂ ਦਾ ਨਾਂ ਆਉਣ ਕਰਕੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਨੇ ਬਲਦੀ ਉਤੇ ਹੋਰ ਤੇਲ ਪਾ ਦਿੱਤਾ ਹੈ। ਇਸੇ ਤਹਿਤ ਜਦੋਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ. ਨਿਊਯਾਰਕ ਦੇ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਵਿਚ ਬੋਲਣ ਲਈ ਪੁੱਜੇ ਤਾਂ ਉਨ੍ਹਾਂ ਦਾ ਸਿੱਖ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦਾ ਵਿਰੋਧ ਏਨਾ ਵਿਆਪਕ ਹੋ ਗਿਆ ਕਿ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਨਿਊਯਾਰਕ ਦੀ ਪੁਲੀਸ ਬੁਲਾਉਣੀ ਪਈ। ਪੁਲੀਸ ਦੇ ਦਖ਼ਲ ਨਾਲ ਹੀ ਮਨਜੀਤ ਸਿੰਘ ਜੀਕੇ. ਕੁੱਝ ਸਮੇਂ ਲਈ ਸਟੇਜ ਤੋਂ ਬੋਲ ਸਕੇ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਹੀ ਮਨਜੀਤ ਸਿੰਘ ਜੀਕੇ. ਦਾ ਇੱਥੇ ਆਉਣ ਬਾਰੇ ਪਤਾ ਲੱਗਾ ਤਾਂ ਸਿੱਖ ਸੰਗਤਾਂ ਨੇ ਉਸ ਦਾ ਵਿਰੋਧ ਕਰਨ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਇੱਥੇ ਬਾਦਲ ਦਲ ਦਾ ਕੋਈ ਵੀ ਲੀਡਰ ਆਵੇਗਾ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਹਿੰਮਤ ਸਿੰਘ ਨੇ ਅੱਗੇ ਕਿਹਾ ਕਿ ਬਾਦਲਕਿਆਂ ਨੇ ਮੁੱਢ ਕਦੀਮੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਉਤੇ ਅਖੌਤੀ ਪੰਥਕ ਮੁਖੌਟਾ ਪਾ ਕੇ ਸਿੱਖ ਸੰਗਤਾਂ ਨੂੰ ਹਮੇਸ਼ਾ ਬੁੱਧੂ ਬਣਾਇਆ। ਹੈਰਾਨੀ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿਰਸੇ ਵਾਲੇ ਸਾਧੜੇ ਦੇ ਚੇਲਿਆਂ ਨੇ ਪੋਸਟਰ ਤਕ ਲਾ ਦਿੱਤੇ, ਪਰ ਪੁਲਿਸ ਨੇ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਦੋ ਸਿੰਘ ਸ਼ਹੀਦ ਹੋ ਗਏ। ਬਾਦਲ ਸਰਕਾਰ ਨੇ ਉਸ ਵੇਲੇ ਅਣਪਛਾਤੀ ਪੁਲੀਸ ਉਤੇ ਪਰਚਾ ਦਰਜ ਕਰਕੇ ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕਦੇ ਪੁਲੀਸ ਵੀ ਅਣਪਛਾਤੀ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲ ਦਲ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਦਬਾ ਲਈ ਸੀ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੱਤਾ ਤੇ ਸਪਸ਼ਟ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਬਾਦਲ ਦਲ ਦਾ ਹੀ ਹੱਥ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਬਾਦਲ-ਦਲੀਆਂ ਨੂੰ ਹੁਣ ਵਿਦੇਸ਼ਾਂ ਦੀ ਸਿੱਖ ਸੰਗਤ ਮੂੰਹ ਨਹੀਂ ਲਾਵੇਗੀ। ਉਹ ਜਦੋਂ ਵੀ ਵਿਦੇਸ਼ਾਂ ਵਿਚ ਆਉਂਦੇ ਹਨ ਇੱਥੇ ਵੀ ਸਿੱਖਾਂ ਨੂੰ ਦੁਫਾੜ ਕਰ ਜਾਂਦੇ ਹਨ ਅਤੇ ਅਨੇਕਾਂ ਰੁਪਏ ਇਕੱਠੇ ਕਰਕੇ ਲੈ ਜਾਂਦੇ ਹਨ ਤੇ ਫਿਰ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਿਆਸਤਦਾਨਾਂ ਨੇ ਜੀਕੇ. ਨੂੰ ਆਪਣੇ ਏਜੰਡੇ ਦਾ ਪ੍ਰਚਾਰ ਕਰਨ ਲਈ ਗੁਰਦੁਆਰਾ ਸਾਹਿਬਾਨਾਂ ਦੀ ਵਰਤੋਂ ਕਰਨ ਲਈ ਭੇਜਿਆ ਹੈ ਜਿਸ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ।
ਇਸ ਵੇਲੇ ਸੁਰਜੀਤ ਸਿੰਘ ਕਲਾਰ ਸ਼੍ਰੋਮਣੀ ਅਕਾਲੀ ਦਲ (ਅ) , ਬਲਾਕਾ ਸਿੰਘ ਸਿੱਖ ਯੂਥ ਆਫ਼ ਅਮਰੀਕਾ, ਰਾਣਾ ਸਿੰਘ ਸਿੱਖਜ਼ ਫਾਰ ਜਸਟਿਸ, ਬਲਜਿੰਦਰ ਸਿੰਘ  ਅਤੇ ਦੋਆਬਾ ਸਿੱਖ ਐਸੋਸੀਏਸ਼ਨ  ਦੇ ਆਗੂਆਂ ਨੇ ਵੀ ਵਿਰੋਧ ਵਿਚ ਅਹਿਮ ਰੋਲ ਨਿਭਾਇਆ ਅਤੇ ਐਲਾਨ ਕੀਤਾ ਬਾਦਲ ਦਲ ਤੇ ਆਰਐਸਐਸ ਦੇ ਕਾਰਕੁੰਨਾਂ ਦਾ, ਜਿੱਥੇ ਵੀ ਉਹ ਜਾਣਗੇ, ਅਸੀਂ ਇਸ ਤੋਂ ਵੀ ਵੱਧ ਵਿਰੋਧ ਕਰਾਂਗੇ।