ਤਿੰਨ ਸਿੱਖਾਂ ਵੱਲੋਂ ਰਾਹੁਲ ਗਾਂਧੀ ਦੇ ਸਮਾਗਮ ਵਿਚ ਨਾਹਰੇਬਾਜ਼ੀ

ਤਿੰਨ ਸਿੱਖਾਂ ਵੱਲੋਂ ਰਾਹੁਲ ਗਾਂਧੀ ਦੇ ਸਮਾਗਮ ਵਿਚ ਨਾਹਰੇਬਾਜ਼ੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੰਡਨ ਵਿਚ ਇੰਡੀਅਨ ਜਰਨਲਿਸਟਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਮਿਲਦੇ ਹੋਏ।

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਖ਼ਰੀ ਜਨਤਕ ਸਮਾਗਮ ‘ਚ ਦਾਖਲ ਹੋ ਕੇ ਤਿੰਨ ਸਿੱਖ ਨੌਜਵਾਨਾਂ ਨੇ ਨਾਹਰੇਬਾਜ਼ੀ ਕੀਤੀ। ਸਕੌਟਲੈਂਡ ਯਾਰਡ ਪੁਲਿਸ ਨੇ ਇਨ੍ਹਾਂ ਖਾਲਿਸਤਾਨ ਪੱਖੀਆਂ ਨੂੰ ਪੰਡਾਲ ਤੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਹੋਈ ਧੱਕਾਮੁੱਕੀ ਵਿਚ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਵੀ ਖਬਰ ਹੈ। ਇਹ ਘਟਨਾ ਪੱਛਮੀ ਲੰਡਨ ਦੇ ਰਾਈਸਲਿੱਪ ਦੀ ਹੈ ਜਿੱਥੇ ਭਾਰਤੀ ਮੂਲ ਦੇ ਲੋਕਾਂ ਲਈ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਨੇ ਮੈਗਾ ਕਾਨਫਰੰਸ ਰੱਖੀ ਸੀ। ਇਸ ਦੌਰਾਨ ਖਾਲਿਸਤਾਨ ਦੇ ਤਿੰਨ ਹਮਾਇਤੀ ਸਮਾਗਮ ਦੇ ਪੰਡਾਲ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਰਾਹੁਲ ਗਾਂਧੀ ਦੇ ਸਮਾਗਮ ‘ਚ ਪਹੁੰਚਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ
ਇਸ ਦੌਰਾਨ ਹੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਭਾਰਤ ਦੀ ਨਿਆਂਪਾਲਿਕਾ, ਚੋਣ ਕਮਿਸ਼ਨ ਤੇ ਆਰਬੀਆਈ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿ ਦੇ ਹਰ ਭਾਰਤੀ ਦੀ ਬੇਇੱਜ਼ਤੀ ਕੀਤੀ ਹੈ ਕਿ 2014 ਤੋਂ ਪਹਿਲਾਂ ਦੇਸ਼ ਦਾ ਵਿਕਾਸ ਹੀ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਭਾਰਤ ਵਿਚ ਦਲਿਤਾਂ, ਕਿਸਾਨਾਂ, ਕਬਾਇਲੀਆਂ, ਘੱਟ ਗਿਣਤੀ ਭਾਈਚਾਰਿਆਂ ਤੇ ਗਰੀਬਾਂ ਨੂੰ ਕਿਹਾ ਕਿ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲੇਗਾ ਤੇ ਜੇ ਉਹ ਆਵਾਜ਼ ਉਠਾਉਣਗੇ ਤਾਂ ਉਨ੍ਹਾਂ ਨੂੰ ਕੁੱਟਿਆ ਜਾਵੇਗਾ।
ਪੱਤਰਕਾਰਾਂ ਦੇ ਸਵਾਲਾਂ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਪ੍ਰਤੀ ਵਤੀਰਾ ਨਰਮ ਹੈ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦੇਸ਼ ਛੱਡਣ ਤੋਂ ਪਹਿਲਾਂ ਮਾਲਿਆ ਨੇ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਹੀ ਕਿਹਾ ਮੇਹੁਲ ਚੋਕਸੀ ਤੇ ਨੀਰਵ ਮੋਦੀ ਦੀ ਪ੍ਰਧਾਨ ਮੰਤਰੀ ਨਾਲ ਰਿਸ਼ਤੇਦਾਰੀ ਹੋਣ ਕਾਰਨ ਉਨ੍ਹਾਂ ‘ਤੇ ਕਾਰਵਾਈ ਨਹੀਂ ਹੋਈ।