ਔਰਤ ਨਾਲ ਬਦਸਲੂਕੀ ਦੇ ਦੋਸ਼ ਹੇਠ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਕੇਸ

ਔਰਤ ਨਾਲ ਬਦਸਲੂਕੀ ਦੇ ਦੋਸ਼ ਹੇਠ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਕੇਸ

ਕੈਪਸ਼ਨ-ਵਿਧਾਇਕ ਅਮਰਜੀਤ ਸਿੰਘ ਸੰਦੋਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਰੂਪਨਗਰ/ਬਿਊਰੋ ਨਿਊਜ਼ :
ਇੱਥੋਂ ਦੀ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਔਰਤ ਨਾਲ ਬਦਸਲੂਕੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਰੂਪਨਗਰ ਸਿਟੀ ਪੁਲੀਸ ਕੋਲ ਬਿਆਨ ਦਰਜ ਕਰਾਉਂਦਿਆਂ ਇੱਕ ਔਰਤ ਨੇ ਦੱਸਿਆ ਕਿ ਉਹ ਮੁਹਾਲੀ ਵਿੱਚ ਰਹਿ ਰਹੀ ਹੈ। ਉਸ ਨੇ ਅਕਤੂਬਰ 2016 ਵਿੱਚ ਅਮਰਜੀਤ ਸਿੰਘ ਸੰਦੋਆ ਨੂੰ ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਵਿੱਚ ਆਪਣੀ ਕੋਠੀ ਕਿਰਾਏ ‘ਤੇ ਦਿੱਤੀ ਸੀ। ਸ੍ਰੀ ਸੰਦੋਆ ਨੇ ਮਈ 2017 ਨੂੰ ਕੋਠੀ ਛੱਡ ਦਿੱਤੀ ਪਰ ਅਪ੍ਰੈਲ ਦਾ ਕਿਰਾਇਆ ਤੇ ਬਿਜਲੀ-ਪਾਣੀ ਦਾ ਬਿੱਲ ਨਹੀਂ ਦਿੱਤਾ। ਉਹ 28 ਜੁਲਾਈ ਨੂੰ ਆਪਣੇ ਰਿਸ਼ਤੇਦਾਰ ਨਾਲ ਸ੍ਰੀ ਸੰਦੋਆ ਦੀ ਰਿਹਾਇਸ਼ ‘ਤੇ ਗਈ ਪਰ ਉਹ ਘਰ ਨਹੀਂ ਸਨ। ਇਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਉਹ ਸ੍ਰੀ ਸੰਦੋਆ ਦੇ ਘਰ ਗਏ।
ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਸ੍ਰੀ ਸੰਦੋਆ ਤੋਂ ਕਿਰਾਇਆ ਮੰਗਿਆ ਤਾਂ ਉਨ੍ਹਾਂ ਗ਼ਲਤ ਸ਼ਬਦਾਵਲੀ ਵਰਤੀ ਅਤੇ ਗਾਲ੍ਹਾਂ ਕੱਢੀਆਂ। ਇਸ ਮਗਰੋਂ ਉਸ ਨੂੰ ਧੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਪਈ। ਰੂਪਨਗਰ ਸਿਟੀ ਪੁਲੀਸ ਨੇ ਔਰਤ ਦੇ ਬਿਆਨਾਂ ‘ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਧਰ, ਵਿਧਾਇਕ ਸੰਦੋਆ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਭ੍ਰਿਸ਼ਟਾਚਾਰ ਦੇ ਮਾਮਲੇ ਉਠਾ ਰਹੇ ਹਨ, ਜਿਸ ਕਾਰਨ ਸੱਤਾਧਾਰੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਵਿਰੁੱਧ ਹਨ। ਇਹੀ ਕਿੜ ਕੱਢਣ ਲਈ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਸਮੇਤ ਦੋ ਜਣੇ ਉਨ੍ਹਾਂ ਕੋਲ ਆਏ ਸਨ ਤੇ ਉਨ੍ਹਾਂ  ਬਣਦੇ ਕਿਰਾਏ ਅਤੇ ਬਿੱਲ ਬਦਲੇ ਚੈੱਕ ਲਿਜਾਣ ਲਈ ਕਿਹਾ ਸੀ ਪਰ ਔਰਤ ਨਾਲ ਆਏ ਵਿਅਕਤੀ ਨੇ ਕਿਰਾਏ ਦੇ ਬਹਾਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਸ ਵਿਅਕਤੀ ਦਾ ਫੋਨ ਆਇਆ ਸੀ ਤੇ ਉਹ ਉਨ੍ਹਾਂ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਕਰਵਾਉਣਾ ਚਾਹੁੰਦਾ ਸੀ। ਐਸਐਸਪੀ ਰੂਪਨਗਰ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਵਿਧਾਇਕ ਸੰਦੋਆ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਖਹਿਰਾ ਬੋਲੇ-ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤਾ ਕੇਸ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ  ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੰਦੋਆ ਵਿਰੁੱਧ ਕੇਸ ਦਰਜ ਕਰਨ ਤੋਂ ਪਹਿਲਾਂ ਪੁਲੀਸ ਵਿਧਾਇਕ ਨੂੰ ਸਪਸ਼ਟੀਕਰਨ ਲਈ ਸੱਦਦੀ ਜਾਂ ਤੱਥਾਂ ਦੀ ਪੁਸ਼ਟੀ ਕਰ ਕੇ ਜਾਂਚ ਕਰ ਲੈਂਦੀ, ਉਸ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਾਹਲੀ ਵਿੱਚ ਸ੍ਰੀ ਸੰਦੋਆ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਬਾਦਲ ਪਰਿਵਾਰ ਦੀ ਬੱਸ ਨੇ ਮੋਗਾ ਵਿੱਚ ਇੱਕ ਲੜਕੀ ਨੂੰ ਕੁਚਲ ਦਿੱਤਾ ਸੀ। ਲੜਕੀ ਨਾਲ ਛੇੜਛਾੜ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਸ ਸਬੰਧੀ ਕੇਸ ਦਰਜ ਨਹੀਂ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸ੍ਰੀ ਸੰਦੋਆ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਅਤੇ ਇਸ ਮੁੱਦੇ ‘ਤੇ ਧਰਨੇ ਲਾਉਣ ਸਬੰਧੀ ਦਿੱਤੇ ਬਿਆਨ ‘ਤੇ ਟਿੱਪਣੀ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋਗਲੇ ਚਿਹਰੇ ਬਾਰੇ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਸੰਦੋਆ ਮਾਮਲੇ ‘ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਰੂਪਨਗਰ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਨਾਲ ਗੱਲ ਹੋਈ ਹੈ, ਜਿਨ੍ਹਾਂ ਨੇ ਨਿਰਪੱਖ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਹੈ ਅਤੇ ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ।