ਜਪੁਜੀ ਸਾਹਿਬ ਦੀ ਛਪਾਈ ਪੰਜਾਹ ਭਾਸ਼ਾਵਾਂ ਵਿੱਚ ਹੋਵੇਗੀ : ਜਥੇਦਾਰ ਗੁਰਬਚਨ ਸਿੰਘ

ਜਪੁਜੀ ਸਾਹਿਬ ਦੀ ਛਪਾਈ ਪੰਜਾਹ ਭਾਸ਼ਾਵਾਂ ਵਿੱਚ ਹੋਵੇਗੀ : ਜਥੇਦਾਰ ਗੁਰਬਚਨ ਸਿੰਘ

ਕੈਪਸ਼ਨ-ਰਣਜੋਧ ਸਿੰਘ ਵੱਲੋਂ ਤਿੰਨ ਭਾਸ਼ਾਵਾਂ ਵਿੱਚ ਤਿਆਰ ‘ਜਪੁਜੀ ਸਾਹਿਬ-ਏ ਪ੍ਰੇਅਰ ਬੁੱਕ’ ਰਿਲੀਜ਼ ਕਰਦੇ ਹੋਏ ਗਿਆਨੀ ਗੁਰਬਚਨ ਸਿੰਘ।
ਲੁਧਿਆਣਾ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਥੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ‘ਜਪੁਜੀ ਸਾਹਿਬ’ ਨੂੰ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਛਪਵਾ ਕੇ ਵੰਡਿਆ ਜਾਵੇਗਾ। ਉਹ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਅਤੇ ਉੱਘੇ ਫੋਟੋਗ੍ਰਾਫਰ ਰਣਜੋਧ ਸਿੰਘ ਵੱਲੋਂ ਤਿਆਰ ‘ਜਪੁਜੀ ਸਾਹਿਬ-ਏ ਪ੍ਰੇਅਰ ਬੁੱਕ’ ਰਿਲੀਜ਼ ਕਰਨ ਪੁੱਜੇ ਸਨ।
ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਾਣੀ ਦੀ ਇੱਕ-ਇੱਕ ਤੁਕ ਗਿਆਨ ਭਰਪੂਰ ਹੈ ਅਤੇ ਇਹ ਕਦਮ ਕਦਮ ‘ਤੇ ਮਨੁੱਖ ਲਈ ਰਾਹ ਦਸੇਰਾ ਹੈ। ਉਨ੍ਹਾਂ ਕਿਹਾ ਕਿ ‘ਜਪੁਜੀ ਸਾਹਿਬ’ ਦਾ 50 ਭਾਸ਼ਾਵਾਂ ਵਿੱਚ ਤਰਜਮਾ ਕਰਵਾ ਕੇ ਵੰਡਿਆ ਜਾਵੇਗਾ ਤਾਂ ਜੋ ਵਿਸ਼ਵ ਭਰ ਦੇ ਲੋਕ ਇਸ ਬਾਣੀ ਤੋਂ ਸੇਧ ਲੈ ਸਕਣ। ਉਨ੍ਹਾਂ ਕਿਹਾ ਕਿ ਰਣਜੋਧ ਸਿੰਘ ਨੇ ‘ਜਪੁਜੀ ਸਾਹਿਬ’ ਦੀ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਛਪਾਈ ਕਰਵਾ ਕੇ ਸਾਰਥਕ ਉਪਰਾਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ‘ਜਪੁਜੀ ਸਾਹਿਬ-ਏ ਪ੍ਰੇਅਰ ਬੁੱਕ’ ਨੂੰ ਲੋਕ ਅਰਪਣ ਕੀਤਾ ਤੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਨਵੇਂ ਬਣੇ ਮਾਤਾ ਤ੍ਰਿਪਤਾ ਹਾਲ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੇਂਟਿੰਗ ਨੁਮਾਇਸ਼ ਵੀ ਲਾਈ ਗਈ, ਜਿਸ ਵਿੱਚ ਕਾਲਜ ਦੇ ਫਾਈਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਨੇ 31 ਰਾਗਾਂ ਨੂੰ ਪੇਂਟਿੰਗਜ਼ ਰਾਹੀਂ ਦਰਸਾਇਆ। ਇਸ ਮੌਕੇ ਰਾਮਗੜ੍ਹੀਆ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਤਾਰ ਸਿੰਘ ਤੇ ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।