ਪੰਜ ਸਿੰਘ ਸਾਹਿਬਾਨਾ ਨੇ ਇਟਲੀ ਸਰਕਾਰ ਵੱਲੋਂ ਪ੍ਰਵਾਨ ਕਿਰਪਾਨ ਕੀਤੀ ਰੱਦ

ਪੰਜ ਸਿੰਘ ਸਾਹਿਬਾਨਾ ਨੇ ਇਟਲੀ ਸਰਕਾਰ ਵੱਲੋਂ ਪ੍ਰਵਾਨ ਕਿਰਪਾਨ ਕੀਤੀ ਰੱਦ

ਅੰਮ੍ਰਿਤਸਰ/ਬਿਊਰੋ ਨਿਊਜ਼ :
ਇਟਲੀ ਦੀ ਸਰਕਾਰ ਵੱਲੋਂ ਉਥੇ ਰਹਿੰਦੇ ਅੰਮ੍ਰਿਤਧਾਰੀ ਸਿੱਖਾਂ ਵਾਸਤੇ ਪ੍ਰਵਾਨ ਕੀਤੀ ਵਿਸ਼ੇਸ਼ ਕਿਸਮ ਦੀ ਕਿਰਪਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਇਟਲੀ ਦੇ ਸਿੱਖਾਂ ਵੱਲੋਂ  ਨਮੂਨੇ ਵਜੋਂ ਭੇਜੀ ਇਸ ਕਿਰਪਾਨ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਰੱਦ ਕਰ ਦਿੱਤਾ ਹੈ ਅਤੇ ਉਥੇ ਰਹਿੰਦੇ ਸਿੱਖਾਂ ਨੂੰ ਆਖਿਆ ਕਿ ਉਹ ਇਸ ਦੀ ਥਾਂ ਛੋਟੇ ਆਕਾਰ ਵਾਲੀ ਕਿਰਪਾਨ ਦੀ ਪ੍ਰਵਾਨਗੀ ਲੈਣ ਦਾ ਯਤਨ ਕਰਨ।
ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ  ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ  ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ  ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ , ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ  ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ  ਸ਼ਾਮਲ ਹੋਏ। ਇਕੱਤਰਤਾ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਟਲੀ ਦੀ ਇੱਕ ਕੰਪਨੀ ਵੱਲੋਂ ਪੇਸ਼ ਕੀਤੇ ਕਿਰਪਾਨ ਦੇ ਨਮੂਨੇ ਨੂੰ ਇਤਿਹਾਸਕ ਸਰੋਤਾਂ ਮੁਤਾਬਕ ਵਾਚਿਆ ਗਿਆ ਹੈ। ਇਸ ਸਬੰਧੀ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੀ ਰਾਇ ਵੀ ਲਈ, ਜਿਸ ਮਗਰੋਂ ਇਸ ਕਿਰਪਾਨ ਦੇ ਨਮੂਨੇ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਕਿਰਪਾਨ ਨੂੰ ਇੱਕ ਸ਼ਸਤਰ ਵਜੋਂ ਪਹਿਨਣ ਲਈ ਆਦੇਸ਼ ਕੀਤਾ ਗਿਆ ਹੈ ਪਰ ਇਟਲੀ ਵਾਲੀ ਕਿਰਪਾਨ ਅਜਿਹੀ ਧਾਤ ਦੀ ਬਣੀ ਹੋਈ ਹੈ, ਜਿਸ ਦਾ ਮਜ਼ਬੂਤੀ ਪੱਖੋਂ ਕੋਈ ਆਧਾਰ ਨਹੀਂ ਹੈ। ਇਹ ਏਨੀ ਨਰਮ ਹੈ ਕਿ ਥੋੜ•ੇ ਜਿਹੇ ਦਬਾਅ ਨਾਲ ਹੀ ਮੁੜ ਅਤੇ ਟੁੱਟ ਜਾਂਦੀ ਹੈ। ਇਸ ਨੂੰ ਸ਼ਸਤਰ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ। ਉਂਝ ਵੀ ਇਹ ਕਿਰਪਾਨ ਦੋ ਹਿੱਸਿਆ ਵਿੱਚ ਬਣਾ ਕੇ ਜੋੜੀ ਹੋਈ ਹੈ। ਇਸ ਦਾ ਇੱਕ ਹਿੱਸਾ ਮੁੱਠ ਵਜੋਂ ਅਤੇ ਇੱਕ ਹਿੱਸਾ ਬਲੇਡ ਵਜੋਂ ਹੈ। ਉਨ•ਾਂ ਆਖਿਆ ਕਿ ਇਟਲੀ ਦੇ ਸਿੱਖ ਛੋਟੇ ਆਕਾਰ ਦੀ ਕਿਰਪਾਨ ਵੀ ਪਹਿਨ ਸਕਦੇ ਹਨ। ਇਸ ਲਈ ਉਨ•ਾਂ ਨੂੰ ਛੋਟੀ ਕਿਰਪਾਨ ਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ। ਦੱਸਣਯੋਗ ਹੈ ਕਿ 26 ਜੂਨ ਨੂੰ ਇਟਲੀ ਵਾਸੀ ਸੁਖਦੇਵ ਸਿੰਘ ਕੰਗ ਤੇ ਹੋਰਨਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਨ•ਾਂ ਕਿਰਪਾਨਾਂ ਦੇ ਨਮੂਨੇ ਪੇਸ਼ ਕਰਦਿਆਂ ਦੱਸਿਆ ਸੀ ਕਿ ਇਟਲੀ ਸਰਕਾਰ ਵੱਲੋਂ ਪ੍ਰਵਾਨ ਕੀਤੀ ਇਸ ਕਿਰਪਾਨ ਨੂੰ ਉਥੇ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਪਹਿਨਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸਾ ਵੱਲੋਂ ਭੇਟ ਕੀਤੇ ਹੱਥ ਲਿਖਤ ਸਰੂਪ ਦਾ ਬਿਨਾਂ ਸੁਧਾਈ  ਕੀਤਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਖੰਡ ਪਾਠਾਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਲੇਖਕ ਨੂੰ ਸ੍ਰੀ ਅਕਾਲ ਤਖ਼ਤ ‘ਤੇ ਤਲਬ ਕੀਤਾ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ  ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਜਾਂਚ ਲਈ ਬਣਾਈ ਪੜਤਾਲੀਆ ਕਮੇਟੀ ਦੀ ਰਿਪੋਰਟ ਵਿੱਚ ਦਸਿਆ  ਗਿਆ ਹੈ ਕਿ ਇਸ ਹੱਥ ਲਿਖਤ ਸਰੂਪ ਵਿੱਚ ਕਈ ਤਰੁੱਟੀਆਂ ਹਨ। ਰਿਪੋਰਟ ਵਿੱਚ ਤਖ਼ਤ ਦੇ ਮੈਨੇਜਰ ਜਗਜੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਖੰਡ ਪਾਠਾਂ ਦੇ ਇੰਚਾਰਜ ਜਰਨੈਲ ਸਿੰਘ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ•ਾਂ ਤਿੰਨਾਂ ਖਿਲਾਫ ਬਣਦੀ ਵਿਭਾਗੀ  ਕਾਰਵਾਈ ਕੀਤੀ ਜਾਵੇ। ਲੇਖਕ ਜਸਵੰਤ ਸਿੰਘ ਖੋਸਾ, ਹੈੱਡ ਗ੍ਰੰਥੀ ਅਤੇ  ਇੰੰਚਾਰਜ ਅਖੰਡ ਪਾਠਾਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਵੀ ਕੀਤਾ ਹੈ।
ਇਕੱਤਰਤਾ ਵਿਚ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੀਆਂ ਪੁਸਤਕਾਂ ਦਾ ਮਾਮਲਾ ਵੀ ਵਿਚਾਰਿਆ ਗਿਆ ਹੈ। ਜਾਂਚ ਕਮੇਟੀ ਦੀ ਰਿਪੋਰਟ ਵਿੱਚ ਵਿਦਵਾਨਾਂ ਨੇ ਦੋਸ਼ ਲਾਇਆ ਕਿ ਲੇਖਕ ਨੇ ਆਪਣੀਆਂ ਪੁਸਤਕਾਂ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਨੀਵੇਂ ਪੱਧਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਮਾਮਲੇ ਵਿੱਚ ਲੇਖਕ ਨੂੰ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ। ਜਦੋਂ ਤੱਕ ਲੇਖਕ ਸਪਸ਼ਟੀਕਰਨ ਨਹੀਂ ਦਿੰਦਾ, ਉਦੋਂ ਤੱਕ ਕਿਤਾਬਾਂ ‘ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਹਨ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਰਾਂ ਵਿੱਚ ਬੀਤੇ ਦਿਨ ਕੁਝ ਮੁਲਾਜ਼ਮਾਂ ਨੂੰ ਇੱਕ ਕੁੜੀ ਸਮੇਤ ਕਾਬੂ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਬਾਰੇ ਉਨ•ਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਖਿਆ ਕਿ ਕਿਰਦਾਰ ਤੋਂ ਡਿੱਗੇ ਮੁਲਾਜ਼ਮਾਂ ਦੀ ਪੁਸ਼ਤ ਪਨਾਹੀ ਨਾ ਕੀਤੀ ਜਾਵੇ।