ਬੇਅਦਬੀ ਕਾਂਡ : ਪੰਜਾਬ ਸਰਕਾਰ ਵਲੋਂ ”ਵਿਸ਼ੇਸ਼ ਜਾਂਚ ਟੀਮ” ਬਣਾਉਣ ਦਾ ਐਲਾਨ

ਬੇਅਦਬੀ ਕਾਂਡ : ਪੰਜਾਬ ਸਰਕਾਰ ਵਲੋਂ ”ਵਿਸ਼ੇਸ਼ ਜਾਂਚ ਟੀਮ” ਬਣਾਉਣ ਦਾ ਐਲਾਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਸੈਸ਼ਨ ਵਿਚ ਸੰਬੋਧਨ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਤੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਗਹਿਗੱਚ ਬਹਿਸ ਹੋਈ। ਬਹਿਸ ਵਿਚ ਸ਼ਾਮਿਲ ਹਰੇਕ ਪਾਰਟੀ ਦੇ ਬੁਲਾਰੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਸਿੱਧੀ ਪੁਲਿਸ ਕਾਰਵਾਈ ਦੀ ਮੰਗ ਕੀਤੀ। ਆਖਰ ਵਿਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਮੁਕੰਮਲ ਜਾਂਚ ਵਾਸਤੇ ਕੇਸ ਸੀਬੀਆਈ ਤੋਂ ਵਾਪਸ ਲੈਣ ਦਾ ਇਤਿਹਾਸਕ ਐਲਾਨ ਕਰ ਦਿੱਤਾ। ਇਹ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਵਾਸਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਸਮਾਂਬੱਧ ਕਾਰਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ। ਸਦਨ ਦੇ ਮੈਂਬਰਾਂ ਦੇ ਖਦਸ਼ਿਆਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਵਾਰ-ਵਾਰ ਦੁਹਰਾਇਆ ਕਿ ਮਾਮਲਾ ਸਿਰੇ ਲਾ ਕੇ ਛੱਡਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਸਮੇਤ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਪੁਲੀਸ ਗੋਲੀ ਕਾਂਡ ਦੀ ਤਫ਼ਤੀਸ਼ ਸੂਬਾਈ ਪੁਲੀਸ ਅਧਿਕਾਰੀਆਂ ‘ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਰੇਗੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਪੂਰਕ ਰਿਪੋਰਟ ਵਿਚ ਸ਼ਾਮਲ ਕਰਦਿਆਂ ਕੋਟਕਪੂਰਾ ਵਿਚ ਪੁਲੀਸ ਗੋਲੀ ਦੇ ਮਾਮਲੇ ‘ਤੇ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿਤਾ ਹੈ। ਇਹ ਰਿਪੋਰਟਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ਵਿਚ ਪੇਸ਼ ਕੀਤੀਆਂ । ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਪੁਲਿਸ ਮੁਖੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ‘ਚ ਸਨ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਸੀ ਕਿ ਕੋਟਕਪੂਰੇ ‘ਚ ਉਸ ਸਮੇਂ ਕੀ ਸਥਿਤੀ ਉਤਪੰਨ ਹੋ ਰਹੀ ਸੀ ਅਤੇ ਇਸ ਸੰਬੰਧੀ ਪੁਲਿਸ ਦੀ ਸੰਭਾਵਿਤ ਕਾਰਵਾਈ ਕੀ ਹੋ ਸਕਦੀ ਸੀ।
ਐਕਸ਼ਨ ਟੇਕਨ ਰਿਪੋਰਟ ਵਿਚ 32 ਸਿਵਲ ਤੇ ਪੁਲੀਸ ਅਫ਼ਸਰਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ 4 ਪੁਲੀਸ ਅਫ਼ਸਰਾਂ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦਾ ਵੀ ਅਜਿਹੇ ਅਫ਼ਸਰਾਂ ਵਾਲੀ ਸੂਚੀ ਵਿਚ ਨਾਮ ਆਉਂਦਾ ਹੈ ਜਿਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਹੈ।
ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਪਹਿਲੀ ਰਿਪੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਮੁੰਬਈ ਵਿਚ ਫਿਲਮ ਅਦਾਕਾਰ ਅਕਸ਼ੇ ਕੁਮਾਰ ਨਾਲ ਮੀਟਿੰਗ ਦਾ ਹਵਾਲਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਡੇਰਾ ਮੁਖੀ ਦੀ ਫਿਲਮ ਚਲਾਉਣ ਬਾਰੇ ਸਮਝੌਤਾ ਹੋਣ ਦੀ ਗੱਲ ਕਹੀ ਗਈ ਹੈ। ਸਰਕਾਰ ਅਤੇ ਅਕਾਲੀ ਦਲ ਦੀ ਡੇਰਾ ਸਿਰਸਾ ਨਾਲ ਪੂਰੀ ਤਰ੍ਹਾਂ ਗੰਢ-ਤੁੱਪ ਹੋਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਡੇਰਾ ਮੁਖੀ ਤੋਂ ਕੇਸ ਵੀ ਵਾਪਸ ਲਏ ਜਾਣੇ ਸਨ ਤੇ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਵੀ ਦਿਵਾ ਦਿੱਤੀ ਗਈ ਸੀ। ਸਰਕਾਰ ਵੱਲੋਂ ਡੇਰਾ ਪ੍ਰੇਮੀਆਂ ਖਿਲਾਫ਼ ਸਬੂਤ ਹੋਣ ਦੇ ਬਾਵਜੂਦ ਨਰਮੀ ਵਰਤੀ ਜਾਂਦੀ ਸੀ ਅਤੇ ਸਿੱਖਾਂ ਖਿਲਾਫ਼ ਪਰਚੇ ਦਰਜ ਕਰ ਦਿੱਤੇ ਜਾਂਦੇ ਸਨ। ਪੜਤਾਲੀਆ ਕਮਿਸ਼ਨ ਨੇ ਬਾਦਲਾਂ ਦੇ ਰਾਜ ਵਿੱਚ ਸਰਕਾਰੀ ਤੰਤਰ ਇੱਕ ਤਰ੍ਹਾਂ ਨਾਲ ਫੇਲ੍ਹ ਹੋਣ ਦਾ ਹੀ ਜ਼ਿਕਰ ਕੀਤਾ ਹੈ। ਵੱਡੇ ਬਾਦਲ ਤਾਂ ਸਦਨ ਵਿੱਚੋਂ ਗੈਰਹਾਜ਼ਰ ਸਨ। ਸਦਨ ਵਿੱਚ ਰਿਪੋਰਟਾਂ ਪੇਸ਼ ਹੋਣ ਸਮੇਂ ਅਕਾਲੀਆਂ ਨੇ ਭਾਵੇਂ ਇਸ ਦਾ ਵਿਰੋਧ ਨਹੀਂ ਕੀਤਾ ਪਰ ਬਾਦਲਾਂ ਵੱਲੋਂ ਰਿਪੋਰਟ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਫ਼ਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਉਸ ਸਮੇਂ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਕੀਤੇ 23 ਐਸਐਮਐਸ ਦਾ ਜ਼ਿਕਰ ਕਰਦਿਆਂ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸੀਨੀਅਰ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਕੋਈ ਤਸੱਲੀਬਖ਼ਸ਼ ਜਵਾਬ ਹੀ ਨਹੀਂ ਦਿੱਤਾ। ਥਾਣਾ ਮੁਖੀ ਤੋਂ ਲੈ ਕੇ ਡੀਜੀਪੀ ਤੱਕ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ ਕਿ ਕਿਵੇਂ ਇਨ੍ਹਾਂ ਸੰਵੇਦਨਸ਼ੀਲ ਘਟਨਾਵਾਂ ਨੂੰ ਅਣਗਹਿਲੀ ਨਾਲ ਨਜਿੱਠਿਆ ਗਿਆ।
ਇਸ ਸਬੰਧੀ ਪੁਲੀਸ ਅਫ਼ਸਰਾਂ ਨੂੰ ਨੋਟਿਸ ਦਿੱਤੇ ਗਏ ਹਨ, ਜਿਨ੍ਹਾਂ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਵਧੀਕ ਡੀਜੀਪੀ ਰੋਹਿਤ ਚੌਧਰੀ, ਵਧੀਕ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਵਧੀਕ ਡੀਜੀਪੀ ਜਤਿੰਦਰ ਜੈਨ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਆਈਜੀ ਅਮਰ ਸਿੰਘ, ਐਮ ਐਸ ਛੀਨਾ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਰਘਬੀਰ ਸਿੰਘ ਸਾਬਕਾ ਐਸਐਸਪੀ ਮਾਨਸਾ, ਹਰਦਿਆਲ ਸਿੰਘ ਮਾਨ ਸਾਬਕਾ ਐਸਐਸਪੀ ਫਿਰੋਜ਼ਪੁਰ, ਐਸ ਐਸ ਮਾਨ ਸਾਬਕਾ ਐਸਐਸਪੀ ਫ਼ਰੀਦਕੋਟ, ਬਲਜੀਤ ਸਿੰਘ ਸਿੱਧੂ ਸਾਬਕਾ ਡੀਐਸਪੀ ਕੋਟਕਪੂਰਾ, ਜਗਦੀਸ਼ ਬਿਸ਼ਨੋਟੀ ਤਤਕਾਲੀ ਡੀਐਸਪੀ ਅਤੇ ਬਿਕਰਮਜੀਤ ਸਿੰਘ ਤਤਕਾਲੀ ਐਸਪੀ ਦਾ ਨਾਮ ਸ਼ਾਮਲ ਹਨ।
ਪੁਲਿਸ ਕੇਸ ਦਰਜ ਹੋਣ ਵਾਲਿਆਂ ਵਿਚ ਚਰਨਜੀਤ ਸ਼ਰਮਾ ਸਾਬਕਾ ਐਸਐਸਪੀ, ਬਿਕਰਮਜੀਤ ਸਿੰਘ ਸਾਬਕਾ ਐਸਪੀ, ਪ੍ਰਦੀਪ ਕੁਮਾਰ ਇੰਸਪੈਕਟਰ, ਅਮਰਜੀਤ ਸਿੰਘ ਸਬ ਇੰਸਪੈਕਟਰ ਦਾ ਨਾਮ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰ੍ਰਕਾਸ਼ ਸਿੰਘ ਬਾਦਲ ਉੱਤੇ ਨਿੱਜੀ ਹਮਲੇ ਕੀਤੇ। ਉਨ੍ਹਾਂ ਕਾਂਗਰਸ ਅਤੇ ‘ਆਪ’ ਵਿਧਾਇਕਾਂ ਵੱਲੋਂ ਬਾਦਲਾਂ ਖਾਲਾਫ਼ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਦੇ ਜਵਾਬ ਵਿਚ ਕਿਹਾ ਕਿ, ”ਬਾਦਲ ਦਾ ਕਿਰਦਾਰ ਹੀ ਅਜਿਹਾ ਹੈ ਜੋ ਕਿਸੇ ਪ੍ਰਕਾਰ ਦੀ ਰਾਹਤ ਦਾ ਹੱਕਦਾਰ ਨਹੀਂ ਹੈ। ਇਤਿਹਾਸ ਇਸ ਵਿਅਕਤੀ ਨੂੰ ਮੁਆਫ਼ ਨਹੀਂ ਕਰੇਗਾ।” ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ‘ਤੇ ਨਿੱਜੀ ਹਮਲਾ ਕਰਦਿਆਂ ਕਿਹਾ, ‘ਮੈਂ ਇਸ ਦੇ ਪੜਦਾਦੇ ਤੋਂ ਲੈ ਕੇ ਪਿਤਾ ਤਕ ਸਾਰੇ ਖਾਨਦਾਨ ਨੂੰ ਜਾਣਦਾ ਹਾਂ। ਇਹ ਇੱਕੋ ਇਹੋ ਜਿਹਾ ਵਿਅਕਤੀ ਹੈ, ਜੋ ਖਾਨਦਾਨ ਵਿਚ ਸਭ ਨਾਲੋਂ ਵੱਖਰਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ, ‘ਪਤਾ ਨਹੀਂ ਇਹ ਕਿੱਥੋਂ ਆਇਐ’।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੀ ਸੂਬਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਾਰਵਾਈ ਰਿਪੋਰਟ (ਏਟੀਆਰ.) ਦੇ ਨਾਲ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਗਿਆ ਸੀ। ਮੰਤਰੀ ਮੰਡਲ ਨੇ ਇਹ ਰਿਪੋਰਟ ਸਦਨ ਵਿੱਚ ਰੱਖੇ ਜਾਣ ਦੀ ਰਸਮੀ ਸਹਿਮਤੀ ਦੇ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਪਿਛਲੇ 10 ਸਾਲਾਂ ਦੇ ਆਪਣੇ ਕੁਕਰਮਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਇਹ ਢਕਵੰਜ ਕਰ ਰਹੇ ਹਨ। ਉਨ੍ਹਾਂ ਨੇ ਅਕਾਲੀ ਆਗੂਆਂ ਨੂੰ ਰਿਪੋਰਟ ਬਾਰੇ ਬਹਿਸ ‘ਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਇਸ ਬਹਿਸ ਤੋਂ ਭੱਜਣਾ ਨਹੀਂ ਚਾਹੀਦਾ ਅਤੇ ਉਹ ਪਿਛਲੇ ਸਮੇਂ ਤੋਂ ਮਹੱਤਵਪੂਰਨ ਮੁੱਦਿਆਂ ‘ਤੇ ਅਜਿਹਾ ਕਰਦੇ ਆ ਰਹੇ ਹਨ।
ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਰੋਧੀਆਂ ਨੂੰ ਚਿੱਤ ਕਰਨ ਦੀ ਬਹੁ-ਪਰਚਾਰਿਤ ਰਣਨੀਤੀ ਵਿਧਾਨ ਸਭਾ ਵਿਚ ਬੁਰੀ ਤਰ੍ਹਾਂ ਹਾਰ ਕੇ ਰਹਿ ਗਈ। ਅਕਾਲੀ ਵਿਧਾਨ ਸਭਾ ਵਿਚ ਖੁਦ ਹੀ ਚਿੱਤ ਹੋ ਗਏ ਜਦੋਂ ਉਨ੍ਹਾਂ ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦਾ ਬਾਈਕਾਟ ਕਰ ਦਿੱਤਾ। ਇਸ ਲਈ ਕਾਂਗਰਸ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਖੁੱਲ੍ਹਾ ਮੈਦਾਨ ਮਿਲ ਗਿਆ ਤੇ ਉਨ੍ਹਾਂ ਨੇ ਪੰਜਾਬ ਦੀ ਜਨਤਾ ਸਾਹਮਣੇ ਅਕਾਲੀ ਦਲ ਦੇ ਪੋਤੜੇ ਫਰੋਲ ਦਿੱਤੇ।
ਦਰਅਸਲ ਕਾਂਗਰਸ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਬਹਿਸ ਦਾ ਟੀਵੀ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਹੋਇਆ ਸੀ। ਅਕਾਲੀ ਦਲ ਦੀ ਗੈਰ ਹਾਜ਼ਰੀ ਦਾ ਲਾਹਾ ਲੈਂਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਦਿਲ ਖੋਲ੍ਹ ਕੇ ਰਗੜੇ ਲਾਏ। ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਪੰਥ ਦੇ ਗਦਾਰ ਹੋਣ ਦੇ ਮਿਹਣੇ ਦਿੱਤ ਗਏੇ। ਸਾਰੇ ਹੀ ਮੈਂਬਰਾਂ ਨੇ ਖਾਸਕਰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ।
ਹੈਰਾਨੀ ਉਸ ਵੇਲੇ ਹੋਈ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਅਕਾਲੀ ਵਿਧਾਇਕ ਵਾਕਆਊਟ ਕਰ ਗਏ ਤੇ ਮੁੜ ਕੇ ਵਾਪਸ ਹੀ ਨਾ ਆਏ।ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗ ਰਿਹਾ ਸੀ ਕਿ ਅਕਾਲੀ ਦਲ ਦਾ ਪੈਂਤੜਾ ਪੁੱਠਾ ਪੈ ਗਿਆ ਹੈ। ਅਕਾਲੀ ਦਲ ਜਸਟਿਸ ਰਣਜੀਤ ਸਿੰਘ ਰਿਪੋਰਟ ਨੂੰ ਬੋਗਸ ਦੱਸ ਰਿਹਾ ਹੈ ਪਰ ਸਦਨ ਵਿੱਚ ਇਹ ਗੱਲ ਰੱਖਣ ਲਈ ਉਨ੍ਹਾਂ ਦਾ ਕੋਈ ਮੈਂਬਰ ਹੀ ਨਹੀਂ ਸੀ। ਬਹਿਸ ਦਾ ਟੀਵੀ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਹੋਣ ਕਰਕੇ ਜਿੱਥੇ ਇਸ ਦਾ ਸਾਰਾ ਲਾਹਾ ਕਾਂਗਰਸ ਨੂੰ ਮਿਲਿਆ, ਉੱਥੇ ਹੀ ਅਕਾਲੀ ਦਲ ਆਪਣੀ ਗੱਲ ਕਹਿਣ ਵਿਚ ਨਾਕਾਮ ਰਿਹਾ ਹੈ।ਵਿਧਾਨ ਸਭਾ ਵਿਚ ਕੇਬਲ ਨੈੱਟਵਰਕ ਫਾਸਟਵੇਅ ਤੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਦਾ ਮਾਮਲਾ ਗੂੰਜਿਆ।
ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ‘ਪੰਥਕ’ ਰੰਗ ਵਿਚ ਰੰਗੀ ਨਜ਼ਰ ਆਈ ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਤਾਬੜ-ਤੋੜ ਹਮਲੇ ਕੀਤੇ। ਦਿਲਚਸਪ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਵੀ ਇਨ੍ਹਾਂ ਹਮਲਿਆਂ ਵਿਚ ਕਾਂਗਰਸ ਦਾ ਡਟ ਕੇ ਸਾਥ ਦਿੱਤਾ। ਅਕਾਲੀ ਦਲ ਦੇ ਵਿਧਾਇਕ ਸ਼ੁਰੂ ਵਿਚ ਹੀ ਮੈਦਾਨ ਛੱਡ ਕੇ ਬਾਹਰ ਚਲੇ ਗਏ। ਇਸ ਲਈ ਸਾਰੀਆਂ ਧਿਰਾਂ ਨੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਅਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਮੀਟਿੰਗ ਹੋਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਵਾਸਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਦਨ ਦੀ ਕਮੇਟੀ ਵੀ ਬਣਾਈ ਗਈ ਹੈ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੁਲਕਾ ਨੇ ਸੁਖਬੀਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇ ਕਿਸੇ ਮਾਮਲੇ ਵਿੱਚ ਦਾਦੂਵਾਲ ਮੁੱਖ ਮੰਤਰੀ ਨਾਲ ਮਿਲਣੀ ਕਰਦੇ ਹਨ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦਾਦੂਵਾਲ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਮੁੱਖ ਮੰਤਰੀ ਤੱਕ ਪਹੁੰਚ ਕਰਨ ਦਾ ਹਰ ਅਧਿਕਾਰ ਹੈ। ਫੂਲਕਾ ਨੇ ਕਿਹਾ ਕਿ ਅਕਾਲੀ ਦਾਦੂਵਾਲ ਦਾ ਵਿਰੋਧ ਕਰਕੇ ਸਿਰਸੇ ਵਾਲੇ ਦੀ ਮਦਦ ਕਰ ਰਹੇ ਹਨ।
ਇਸ ਮੌਕੇ ਕਾਂਗਰਸੀ ਵਿਧਾਇਕਾਂ ਨੇ ਮੰਗ ਕੀਤੀ ਕਿ ਫਾਸਟਵੇਅ ਦਾ ਲਾਇਸੰਸ ਰੱਦ ਕਰ ਦੇਣਾ ਚਾਹੀਦਾ ਹੈ। ਕਾਂਗਰਸੀ ਮੰਤਰੀ ਨਵੋਤ ਸਿੱਧੂ ਨੇ ਕਿਹਾ ਕਿ ਫਾਸਟਵੇਅ ਤੇ ਪੀਟੀਸੀ ਦੀ ਕਾਰਵਾਈ ਤੋਂ ਲਗਦਾ ਹੈ ਕਿ ਸਰਕਾਰ ਕਾਂਗਰਸ ਦੀ ਨਹੀਂ ਬਲਕਿ ਅਕਾਲੀ ਦਲ ਦੀ ਹੈ। ਉਨ੍ਹਾਂ ਕਿਹਾ ਕਿ ਫਾਸਟਵੇਅ ਪਹਿਲਾਂ ਵੀ ਮੀਡੀਆ ‘ਤੇ ਐਮਰਜੈਂਸੀ ਲਾਈ ਰੱਖਦਾ ਹੈ। ਇਸ ਲਈ ਉਸ ਖਿਲਾਫ ਕਾਰਵਾਈ ਹੋਈ ਚਾਹੀਦੀ ਹੈ।

ਦਰਅਸਲ ਪੰਜਾਬੀ ਨਿਊਜ਼ ਚੈਨਲਾਂ ਨੇ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦੀ ਕਾਰਵਾਈ ਲਾਈਵ ਪੇਸ਼ ਕੀਤੀ। ਇਸ ਦੌਰਾਨ ਅਕਾਲੀ ਦਲ ਨੇ ਵਾਕਆਊਟ ਕਰਕੇ ਆਪਣੀ ਕਾਰਵਾਈ ਸਦਨ ਦੇ ਬਾਹਰ ਚਲਾਈ। ਇਹ ਕਾਰਵਾਈ ਪੀਟੀਸੀ ਚੈਨਲ ‘ਤੇ ਲਾਈਵ ਵਿਖਾਈ ਗਈ। ਇਸ ਤੋਂ ਕਾਂਗਰਸੀ ਕਾਫੀ ਔਖੇ ਨਜ਼ਰ ਆਏ। ਸਦਨ ਵਿਚ ਬਹਿਸ ਦਾ ਬਾਈਕਾਟ ਕਰਕੇ ਬਾਹਰ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੇ ਸਮੁੱਚੀ ਰਿਪੋਰਟ ਨੂੰ ਰੱਦ ਕਰਦਿਆਂ ਕਿਹਾ ਕਿ  ਇਹ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਚਾਲ ਹੈ।
ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਤਿਹਾਸਕ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਅਕਾਲੀ ਦਲ ਨੂੰ ਪੰਥ ਤੇ ਪੰਜਾਬ ਦਾ ਗਦਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਬਰਗਾੜੀ ਗੋਲੀ ਕਾਂਡ ਬਾਦਲ ਦੇ ਇਸ਼ਾਰੇ ‘ਤੇ ਵਾਪਰਿਆ ਸੀ। ਇਸ ਲਈ ਬਾਦਲ ਤੇ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੀ ਬਜਾਏ ਪੰਜਾਬ ਪੁਲਿਸ ਤੋਂ ਕਰਵਾਈ ਜਾਵੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਰੰਧਾਵਾ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਡੇਰਾ ਸਿਰਸਾ ਦੀ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਲਈ ਡੇਰਾ ਮੁਖੀ ਖਿਲਾਫ ਵੀ ਕੇਸ ਦਰਜ ਕੀਤਾ ਜਾਏ। ਫੂਲਕਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਜੇ ਵੀ ਡੇਰਾ ਸਿਰਸਾ ਖਿਲਾਫ ਨਰਮ ਹੈ। ਇਸ ‘ਤੇ ਰੰਧਾਵਾ ਨੇ ਮੰਗ ਕੀਤੀ ਵਿਧਾਨ ਸਭਾ ਵਿਚ ਪ੍ਰਣ ਕੀਤਾ ਜਾਏ ਕਿ ਪੰਜਾਬ ਵਿਚ ਫਿਰ ਅਜਿਹਾ ਕੋਈ ਸਾਧ ਪੈਦਾ ਹੀ ਨਾ ਹੋਏ।
ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦੌਰਾਨ ਪੰਜਾਬ ਦੀ ਉਸ ਧਿਰ, ਜਿਸ ਧਿਰ ਦੀ ਪਿਛਲੇ 10 ਵਰ੍ਹੇ ਤੂਤੀ ਬੋਲਦੀ ਰਹੀ ਹੈ ਅਤੇ ਜਿਹੜਾ ਹੁਣ ਵਿਧਾਨ ਸਭਾ ਵਿਚ ਤੀਜੇ ਨੰਬਰ ਦੀ ਪਾਰਟੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸੱਤਾ ਧਿਰ ਹੀ ਸਮਝ/ਮੰਨ ਕੇ ਚਲਦਾ ਸੀ, ਦਾ ਮੈਦਾਨ ਖਾਲੀ ਛੱਡ ਕੇ ਭੱਜ ਨਿਕਲਣਾ ਬਹੁਤ ਸਾਰੇ ਇਸ਼ਾਰੇ ਕਰਦਾ ਹੈ।
ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਦੀਆਂ ਬੇਅਦਬੀਆਂ ਨੂੰ ਸੈਕਸ਼ਪੀਅਰ ਦੇ ਦੁਖਾਂਤ ਨਾਲ ਮੇਲ ਕੇ ਪੇਸ਼ ਕਰਨਾ ਅਤੇ ਬਾਦਲ ਹੋਰਾਂ ਨੂੰ ਬਰੂਟਸ ਨਾਲ ਤੁਲਨਾ ਦੇਣੀ ਕਮਾਲ ਦੀ ਗੱਲ ਸੀ।
ਆਰਨੋਲਡ ਟਾਇਨਬੀ ਅਤੇ ਟੈਗੋਰ ਦੇ ਹਵਾਲਿਆਂ ਨਾਲ ਸ਼ੁਰੂ ਹੋਇਆ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਭਾਸ਼ਣ ਇਤਿਹਾਸ ਅਤੇ ਰਾਜਨੀਤੀ ਦੇ ਸੁੱਚੇ ਜਜ਼ਬਿਆਂ ਦਾ ਸੁਮੇਲ ਸੀ। ਮਨੁੱਖੀ ਅਧਿਕਾਰਾਂ ਦੀ ਗੱਲ ਅਹਿਮੀਅਤ ਨਾਲ ਉਭਾਰੀ ਗਈ ਅਤੇ ਬੇਇਨਸਾਫੀਆਂ ਕਰਨ ਵਾਲਿਆਂ ਦੇ ”ਕੀੜੇ ਪੈ ਕੇ ਤੜਫਣ” ਦੀ ਉਦਾਹਰਨ ਵੀ ਉਹਨਾਂ ਪੇਸ਼ ਕੀਤੀ। ਪੁਲਿਸ ਜਿਆਦਤੀਆਂ ਦੇ ਦੌਰ ਦੀ ਗੱਲ ਕਰਦਿਆਂ ਉਹਨਾਂ ਜੁਝਾਰੂ ਸਿੰਘ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਉਂਦਾ ਸਾੜਨ, ਐਡਵੋਕੇਟ ਕੁਲਵੰਤ ਸਿੰਘ ਨੂੰ ਪਰਿਵਾਰ ਸਮੇਤ ਗਾਇਬ ਕਰਨ, ਲੁਧਿਆਣੇ ਦੇ ਕਾਰੋਬਾਰੀ ਹਿੰਦੂ ਪਰਿਵਾਰ ਨੂੰ ਹਾਈਕੋਰਟ ਦੇ ਬੂਹੇ ਅੱਗਿਓਂ ਚੁੱਕ ਕੇ ਗਾਇਬ ਕਰਨ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਧੱਕੇਸ਼ਾਹੀ ਕਰਨ ਅਤੇ ਬੀਬੀ ਅਮਰ ਕੌਰ ਦੀ ਇਨਸਾਫ ਲਈ ਲੰਮੀ ਲੜਾਈ ਦਾ ਜ਼ਿਕਰ ਭਾਵੁਕ ਦਲੇਰੀ ਨਾਲ ਕੀਤਾ। ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਬਾਲਗ ਭਰਾਵਾਂ ਨੂੰ ਘਰੋਂ ਚੁੱਕ ਮਾਰਨ ਵਾਲੇ ਥਾਣੇਦਾਰ ਦੇ ਕੀੜੇ ਪੈ ਕੇ ਮਰਨ ਬਾਰੇ ਗੱਲ ਸਾਂਝੀ ਕਰਦਿਆਂ ਸ਼ਾਇਦ ਉਹਨਾਂ ਸਿੱਖ ਮਨ ਦੀ ਉਸ ਖਾਹਿਸ਼ ਦਾ ਹੀ ਸੁਚੇਤ ਪ੍ਰਗਟਾਵਾ ਕੀਤਾ ਹੈ ਜਿਸ ਤਹਿਤ ਉਹ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀਆਂ ਦੇ ਪ੍ਰਤੱਖ/ਅਪ੍ਰਤੱਖ ਦੋਸ਼ੀਆਂ ਦੇ ਕੀੜੇ ਪੈ ਕੇ ਲੰਮੀ ਉਮਰ ਤਕ ਤੜਫਦੇ ਰਹਿਣ ਦੀ ਅਰਦਾਸ ਕਰਦੇ ਹਨ।
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤਾਜ਼ਾ ਕਾਰਵਾਈ ਨਾ-ਕਾਫੀ ਹੈ। ਉਨ੍ਹਾਂ ਮੁਤਾਬਕ ਕਮਿਸ਼ਨ ਦੀ ਰਿਪੋਰਟ ਉਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਜ਼ਿੰਮੇਵਾਰ ਪੁਲਿਸ  ਅਫਸਰਾਂ ਖਿਲਾਫ ਕੇਸ ਦਰਜ ਕੀਤੇ ਜਾਣ ਤੇ ਇਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣੇ ਚਾਹੀਦੇ ਹਨ, ਤਾਂ ਕਿ ਇਹ ਦੇਸ਼ ਛੱਡ ਕੇ ਦੌੜ ਨਾ ਸਕਣ।
ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਵੀ ”ਦਾਲ ਵਿਚ ਕੁਝ ਕਾਲਾ” ਹੋਣ ਦਾ ਖਦਸ਼ਾ ਪ੍ਰਗਟ ਕਰਦਿਆਂ ਤਾਜ਼ਾ ਫੈਸਲਿਆਂ ਉਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਬਹਿਸ ਦੌਰਾਨ ਬੋਲਦਿਆਂ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੱਧੂ, ਸੁਖਪਾਲ ਸਿੰਘ ਖਹਿਰਾ, ਪ੍ਰੋ. ਬਲਜਿੰਦਰ ਕੌਰ, ਅਤੇ ਕੰਵਰ ਸੰਧੂ ਨੇ ਵੀ ਅਕਾਲੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਤਾਂ ਕਿ ਸੰਨਦ ਰਹੇ.. .
”ਰਾਜਨੀਤਕ ਤੌਰ ਉਤੇ ਇਹ ਸ਼ਾਇਦ ਇਤਿਹਾਸ ਦਾ ਅਜਿਹਾ ਮੋੜ ਹੈ ਜਦੋਂ ਪੰਜਾਬ ਵਿਚੋਂ ਬਾਦਲੀ ਰਾਜਨੀਤੀ ਦਾ ਭੋਗ ਪੈਣ ਦੇ ਆਸਾਰ ਬਣ ਗਏ ਹਨ। ਭਾਵੇਂ ਅਜਿਹਾ ਹੋਣ ਵਿਚ ਕੁਝ ਸਮਾਂ ਲੱਗ ਵੀ ਜਾਵੇ ਪਰ ਬਾਦਲ ਦਲ ਪੰਥ ਦਾ ਲੰਬੜਦਾਰ ਹੋਣ ਦਾ ਦਾਅਵਾ ਬਿਲਕੁਲ ਗਵਾ ਚੁੱਕਿਆ ਹੈ। ਪੰਥ/ਪੰਜਾਬ ਦੀ ਗੱਲ ਕਰਨ ਦਾ ਵਾਹਦ ਹੱਕਦਾਰ ਅਖਵਾਉਣ ਵਾਲਾ ਦਲ 100 ਵਰ੍ਹੇ ਪੂਰੇ ਹੋਣ ਤੋਂ ਪਹਿਲਾਂ ਹੀ ਰਸਾਤਲ ਨੂੰ ਛੂਹ ਚੁੱਕਿਆ ਹੈ।”
”ਆਰਨੋਲਡ ਟਾਇਨਬੀ ਅਤੇ ਟੈਗੋਰ ਦੇ ਹਵਾਲਿਆਂ ਨਾਲ ਸ਼ੁਰੂ ਹੋਇਆ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਭਾਸ਼ਣ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀਆਂ ਦੇ ਪ੍ਰਤੱਖ/ਅਪ੍ਰਤੱਖ ਦੋਸ਼ੀਆਂ ਦੇ ਕੀੜੇ ਪੈ ਕੇ ਲੰਮੀ ਉਮਰ ਤਕ ਤੜਫਦੇ ਰਹਿਣ ਦੀ ਅਰਦਾਸ ਕਰਦਾ ਖਤਮ ਹੋਇਆ।”
”ਪ੍ਰਕਾਸ਼ ਸਿੰਘ ਬਾਦਲ ਫਖਰ-ਏ-ਕੌਮ ਨਹੀਂ, ਗਦਾਰ-ਏ-ਕੌਮ ਹੈ। ਬਾਦਲ ਨੇ ਆਪਣੇ ਪਰਿਵਾਰ ਤੋਂ ਪੰਥ ਨੂੰ ਵਾਰ ਦਿੱਤਾ : ਸੁਖਜਿੰਦਰ ਸਿੰਘ ਰੰਧਾਵਾ”
”ਪੰਜਾਬ ਦੀਆਂ ਬੇਅਦਬੀਆਂ ਨੂੰ ਸੈਕਸ਼ਪੀਅਰ ਦੇ ਦੁਖਾਂਤਕ ਨਾਟਕ ਨਾਲ ਮੇਲ ਕੇ ਪੇਸ਼ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਗਦਾਰੀ ਦੇ ਪ੍ਰਤੀਕ ਬਣ ਗਏ ਬਰੂਟਸ ਨਾਲ ਬਾਦਲ ਦੀ ਤੁਲਨਾ ਕੀਤੀ”
”ਆਮ ਆਦਮੀ ਪਾਰਟੀ ਸਰਕਾਰ ਦੀ ਕਾਰਵਾਈ ਤੋਂ ਅਸਤੁੰਸ਼ਟ, ਦੋਵੇਂ ਬਾਦਲਾਂ ਤੇ ਪੁਲਿਸ ਅਫਸਰਾਂ ‘ਤੇ ਹੋਵੇ ਐਫਆਈਆਰ : ਹਰਪਾਲ ਸਿੰਘ ਚੀਮਾ ”

”ਦਾਲ ਵਿਚ ਕੁਝ ਨਾ ਕੁਝ ਜ਼ਰੂਰ ਕਾਲਾ ਹੈ,  : ਬੈਂਸ ਭਰਾ”

”ਬਲਜੀਤ ਸਿੰਘ ਦਾਦੂਵਾਲ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਵਾਲੇ ਮੁੱਖ ਮੰਤਰੀ-ਦਾਦੂਵਾਲ ਮੀਟਿੰਗ ਦੇ ਨਾਂ ‘ਤੇ ਵਿਰੋਧ ਕਰਕੇ ਸਿਰਸੇ ਵਾਲੇ ਰਾਮ ਰਹੀਮ ਦੀ ਮਦਦ ਕਰ ਰਹੇ ਹਨ : ਫੂਲਕਾ”