ਈਡਨਬਰਗ ਦੇ ਗੁਰਦੁਆਰਾ ਸਾਹਿਬ ਵਿਚ ਪੈਟਰੋਲ ਬੰਬ ਸੁੱਟਿਆ

ਈਡਨਬਰਗ ਦੇ ਗੁਰਦੁਆਰਾ ਸਾਹਿਬ ਵਿਚ ਪੈਟਰੋਲ ਬੰਬ ਸੁੱਟਿਆ

ਈਡਨਬਰਗ ਗੁਰਦੁਆਰੇ ਦਾ ਬਾਹਰੀ ਦ੍ਰਿਸ਼
ਈਡਨਬਰਗ/ਬਿਊਰੋ ਨਿਊਜ਼ :
ਈਡਨਬਰਗ ਸਥਿਤ ਗੁਰਦੁਆਰੇ ਉੱਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦੀ ਖਬਰ ਮਿਲੀ ਹੈ। ਸੰਗਤ ਨੂੰ ਇਹ ਜਾਣਕਾਰੀ ਸ਼ੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ‘ਚ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਸੜ ਗਿਆ ਤੇ ਦੀਵਾਨ ਹਾਲ ਤਕ ਅੱਗ ਦੀਆਂ ਲਪਟਾਂ ਫੈਲ ਗਈਆਂ। ਇਸ ਘਟਨਾ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਪੰਜ ਵਜੇ ਦੇ ਕਰੀਬ ਵਾਪਰੀ ਘਟਨਾ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਚ ਹੰਗਾਮੀ ਸਥਿਤੀ ਨਾਲ ਨਜਿੱਠਣ ਵਾਲੀ ਟੀਮ ਅੱਗ ਉੱਤੇ ਕਾਬੂ ਪਾਉਣ ਲਈ ਪੁੱਜ ਗਈ। ਇਸ ਘਟਨਾ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਨੂੰ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਉੱਤੇ ਕਾਬੂ ਪਾਉਣ ਲਈ ਅੱਗ ਬਝਾਊ ਦਸਤੇ ਦੇ ਵੀਹ ਮੈਂਬਰ ਲੱਗੇ ਰਹੇ। ਫੇਸ ਬੁੱਕ ਪੋਸਟ ਅਨੁਸਾਰ ਮੁੱਖ ਦੁਆਰ ਉੱਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅੱਗ ਲੱਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਧੂੰਆਂ ਫੈਲਣ ਨਾਲ ਹਾਲਤ ਖਰਾਬ ਹੋ ਗਈ ਹੈ ਤੇ ਪੁਲੀਸ ਨੇ ਗੁਰਦੁਆਰੇ ਨੂੰ ਸਫਾਈ ਤੋਂ ਪਹਿਲਾਂ ਖੋਲ੍ਹਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਹਨ ਪਰ ਦੀਵਾਨ ਹਾਲ ਵਿਚ ਕਾਲਖ਼ ਫੈਲ ਗਈ ਹੈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੌਰੈਂਸਿਕ ਮਾਹਿਰ ਵੀ ਪੁੱਜ ਗਏ ਹਨ। ਪ੍ਰਬੰਧਕਾਂ ਨੇ ਕਿਹਾ ਹੈ ਕਿ ਜਦੋਂ ਹੀ ਸਥਿਤੀ ਆਮ ਵਰਗੀ ਹੋ ਜਾਵੇਗੀ ਤਾਂ ਸੰਗਤ ਨੂੰ ਤੂਰੰਤ ਸੂਚਿਤ ਕੀਤਾ ਜਾਵੇਗਾ ਅਤੇ ਗੁਰੂਘਰ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।