ਕੈਪਟਨ ਅਮਰਿੰਦਰ ਸਿੰਘ ਦੀ ਮਾਂ ‘ਰਾਜਮਾਤਾ’ ਮਹਿੰਦਰ ਕੌਰ ਦਾ ਦੇਹਾਂਤ

ਕੈਪਟਨ ਅਮਰਿੰਦਰ ਸਿੰਘ ਦੀ ਮਾਂ ‘ਰਾਜਮਾਤਾ’ ਮਹਿੰਦਰ ਕੌਰ ਦਾ ਦੇਹਾਂਤ

ਪਟਿਆਲਾ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਰਾਜਮਾਤਾ ਮਹਿੰਦਰ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਦੇ ਪਿਤਾ ਹਰਚੰਦ ਸਿੰਘ ਜੇਜੀ ਜਿਥੇ ਪਰਜਾਤੰਤਰ ਲਹਿਰ ਦੇ ਮੋਢੀ ਸਨ, ਉਥੇ ਪਤੀ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੇ ਮਹਾਰਾਜਾ, ਨੀਂਦਰਲੈਂਡਜ਼ ਵਿੱਚ ਭਾਰਤ ਦੇ ਰਾਜਦੂਤ ਤੇ ਵਿਧਾਇਕ ਵੀ ਰਹੇ। ਇਸੇ ਕਰਕੇ ਉਨ੍ਹਾਂ ਨੂੰ ਰਾਜਮਾਤਾ ਦਾ ਦਰਜਾ ਮਿਲਿਆ ਹੋਇਆ ਸੀ। ਉਨ੍ਹਾਂ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਐਮਪੀ ਤੇ ਛੇਵੀਂ ਵਾਰ ਵਿਧਾਇਕ ਬਣ ਕੇ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ। ਨੂੰਹ ਪਰਨੀਤ ਕੌਰ ਕੇਂਦਰੀ ਮੰਤਰੀ ਅਤੇ ਵਿਧਾਇਕਾ ਰਹਿ ਚੁੱਕੀ ਹੈ ਤੇ ਦਾਮਾਦ ਨਟਵਰ ਸਿੰਘ ਵੀ ਕੇਂਦਰ ਵਿਚ ਵਜ਼ੀਰ ਰਹੇ ਹਨ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਚੂਲੜ ਨਾਲ਼ ਸਬੰਧਤ ਉਨ੍ਹਾਂ ਦੇ ਪਿਤਾ ਵੀ ਰੱਜੇ ਪੁੱਜੇ ਘਰਾਣੇ ਵਿਚੋਂ ਸਨ। ਉਨ੍ਹਾਂ ਲਾਹੌਰ ਦੇ ਕੁਈਨ ਮੈਰੀ ਕਾਲਜ ਤੋਂ ਪੜ੍ਹਾਈ ਕੀਤੀ,  ਜਿਨ੍ਹਾਂ ਦਾ ਵਿਆਹ  1938 ਵਿੱਚ ਹੋਇਆ। ਦੇਸ਼ ਦੀ ਵੰਡ ਸਮੇਂ ਉਨ੍ਹਾਂ 1947 ਤੋਂ ’49 ਤੱਕ ਪਨਾਹਗੀਰਾਂ ਦੇ ਮੁੜ-ਵਸੇਬੇ ਦੇ ਕਾਰਜ ਵਿਚ ਅਹਿਮ ਯੋਗਦਾਨ ਪਾਇਆ। ਉਹ ਲੋਕ ਸਭਾ ਤੇ ਰਾਜ ਸਭਾ ਮੈਂਬਰ ਰਹਿਣ ਸਮੇਤ 1953-66 ਤੱਕ ਸਮਾਲ ਸੇਵਿੰਗ ਬੋਰਡ ਪੈਪਸੂ ਦੇ ਚੇਅਰਪਰਸਨ,  ਕਾਂਗਰਸ ਦੀ ਕੌਮੀ ਜਨਰਲ ਸਕੱਤਰ ਤੇ ਹੋਰ ਅਨੇਕਾਂ ਅਹੁਦਿਆਂ ‘ਤੇ ਰਹੇ। ਉਹ 1977 ਵਿਚ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਤੇ ਉਸ ਪਾਰਟੀ ਤੋਂ ਵੀ ਇੱਕ ਰਾਜ ਸਭਾ ਮੈਂਬਰ ਬਣੇ ਸਨ।
ਬੀਬੀ ਪਰਨੀਤ ਕੌਰ ਦੇ ਵਧੀਕ ਨਿੱਜੀ ਸਕੱਤਰ ਵਜੋਂ ਸੱਤ ਸਾਲਾ ਇਥੇ ਮੋਤੀ ਮਹਿਲ ਵਿਚ ਰਹੇ ਤੇ ਹੁਣ ਮੁੱਖ ਮੰਤਰੀ ਦੇ ਓਐਸਡੀ ਐਮ.ਪੀ. ਸਿੰਘ ਕਿਹਾ ਕਿ ਉਨ੍ਹਾਂ ਦਾ ਆਪਣੇ ਨਾਲ਼ ਕੰਮ ਕਰਦੇ ਲੋਕਾਂ ਪ੍ਰਤੀ ਅਪਣੱਤ ਭਰੇ ਰਵੱਈਏ ਦਾ ਕੋਈ ਤੋੜ ਨਹੀਂ ਸੀ। ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆਂ ਦਾ ਕਹਿਣਾ ਸੀ ਕਿ ਇਸ ਸ਼ਾਹੀ ਘੁਰਾਣੇ ਨੂੰ ਸਿੱਖੀ ਵਿਚ ਪਰਪੱਕ ਰੱਖਣ ਵਿਚ ਵੀ ਰਾਜਮਾਤਾ ਦੀ ਅਹਿਮ ਭੂਮਿਕਾ ਰਹੀ ਹੈ।