ਭਾਰਤੀ ਸਿੱਖਾਂ ਨੂੰ ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਮਿਲਣ ਦੀ ਉਮੀਦ ਵਧੀ

ਭਾਰਤੀ ਸਿੱਖਾਂ ਨੂੰ ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਮਿਲਣ ਦੀ ਉਮੀਦ ਵਧੀ

ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹੋਏ।

ਨਵੀਂ ਦਿੱਲੀ/ਬਿਉਰੋ ਨਿਊਜ਼ :

ਭਾਰਤ-ਪਾਕਿ ਬਾਰਡਰ ਉਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਾਸਤੇ ਭਾਰਤੀ ਪੰਜਾਬ ਦੀ ਤਰਫੋਂ ਲਾਂਘਾ ਮਿਲਣ ਦੀਆਂ ਉਮੀਦਾਂ  ਹੋਰ ਬਲ ਮਿਲਿਆ ਹੈ। ਪਾਕਿਸਤਾਨ ਦੇ ਇਸਲਾਮਾਬਾਦ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਭਾਰਤ ਦੇ ਡੇਰਾ ਬਾਬਾ ਨਾਨਕ ਸਰਹੱਦ ਨਜ਼ਦੀਕ ਇਸ ਧਾਰਮਿਕ ਅਸਥਾਨ ਦਾ ਦੌਰਾ ਕੀਤਾ ਹੈ। ਇਹ ਅਸਥਾਨ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿਚ ਕਰਤਾਰਪੁਰ ਵਿਖੇ ਪੈਂਦਾ ਹੈ।
ਗੌਰਤਲਬ  ਹੈ ਕਿ ਇਹ ਸਭ ਕੁਝ ਭਾਰਤੀ ਪੰਜਾਬ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਰਿਆ ਹੈ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਕਹਿ ਚੁੱਕੇ ਹਨ ਕਿ ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਰੋਸਾ ਦਿੱਤਾ ਹੈ ਕਿ ਕਿ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਵਿਚਾਰ ਅਧੀਨ ਹੈ। ਇਹ ਲਾਂਘਾ ਭਾਰਤ ਦੀ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਸਰਹੱਦ ਤੋਂ ਕਰੀਬ ਚਾਰ ਕਿਲੋਮੀਟਰ ਬਣਦਾ ਹੈ। ਜ਼ਿਕਰਯੋਗ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਬਿਤਾਏ ਸਨ। ਅੱਜ ਕੱਲ੍ਹ ਭਾਰਤ ਦੇ ਸ਼ਰਧਾਲੂ ਡੇਰਾ ਬਾਬਾ ਨਾਨਕ ਦੇ ਦੂਰਬੀਨ ਰਾਹੀਂ ਦਰਸ਼ਨ ਕਰਦੇ ਹਨ। ਪਾਕਿਸਤਾਨ ਵਿਚਲੇ ਸੂਤਰਾਂ ਅਨੁਸਾਰ ਭਾਰਤੀ ਹਾਈ ਕਮਿਸ਼ਨਰ ਨੇ ਗੁਰਦੁਆਰੇ ਦੇ ਉੱਤੇ ਚੜ੍ਹ ਕੇ ਛੱਤ ਤੋਂ ਭਾਰਤ ਵਾਲੇ ਪਾਸੇ ਦੇਖਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਲਾਂਘੇ ਦੀਆਂ ਸੰਭਾਵਨਾਵਾਂ ਬਾਰੇ ਵੀ ਘੋਖ ਕੀਤੀ। ਉਨ੍ਹਾਂ ਕਿਹਾ,’ ਪਾਕਿਸਤਾਨ ਦੀ ਤਰਫੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਵੱਲ ਪਾਕਿਸਤਾਨ ਦੀ ਤਰਫੋਂ ਧਿਆਨ ਦੇਣ ਨਾਲ ਹੁਣ ਇਹ ਮੰਗ ਪੂਰੀ ਹੁੰਦੀ ਜਾਪਦੀ ਹੈ।’ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਦੀ ਸ਼ਰਧਾਲੂਆਂ ਲਈ ਵਿਸ਼ੇਸ਼ ਅਹਿਮੀਅਤ ਹੋਵੇਗੀ।
ਇਸ ਲਾਂਘੇ ਬਾਰੇ ਪਹਿਲੀ ਵਾਰ ਜਨਰਲ ਪਰਵੇਜ਼ ਮੁਸ਼ੱਰਫ ਦੇ ਕਾਰਜਕਾਲ ਵਿੱਚ ਤਜਵੀਜ਼ ਸਾਹਮਣੇ ਆਈ ਸੀ ਪਰ ਇਸ ਮੰਗ ਉੱਤੇ ਕਦੇ ਵੀ ਗੰਭੀਰਤਾ ਨਾਲ ਕੰਮ ਨਹੀਂ ਹੋਇਆ। ਇਸ ਸਮੇਂ ਭਾਰਤ ਤੋਂ ਕਰਤਾਰਪੁਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵਾਹਗਾ ਤੋਂ ਲਾਹੌਰ ਰਸਤੇ ਹੀ ਕਰਤਾਰਪੁਰ ਜਾਣ ਦਿੱਤਾ ਜਾਂਦਾ ਹੈ। ਪਾਕਿਸਤਾਨ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸਰਤ ਸੱਭਰਵਾਲ ਨੇ ਕਿਹਾ ਕਿ,’ ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਕਾਫੀ ਸਮਾਂ ਰਹੇ ਹਨ, ਜੇ ਇਹ ਲਾਘਾਂ ਖੋਲ੍ਹ ਦਿੱਤਾ ਜਾਂਦਾ ਹੈ ਤਾਂ ਇਹ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਲਈ ਕੀਤਾ ਵਿਸ਼ੇਸ਼ ਕਾਰਜ ਹੋਵੇਗਾ।’
ਭਾਵੇਂ ਅਜੇ ਇਹ ਪਤਾ ਨਹੀਂ ਲੱਗਾ ਕਿ ਗੱਲਬਾਤ ਕਿਸ ਪੱਧਰ ਉੱਤੇ ਜਾਰੀ ਹੈ ਅਤੇ ਅਗਲੇ ਸਾਲ ਰਸਤਾ ਕੁੱਝ ਦਿਨਾਂ ਲਈ ਖੋਲ੍ਹਿਆ ਜਾਵੇਗਾ ਜਾਂ ਲੰਬੇ ਸਮੇਂ ਲਈ ਪਰ ਜਦੋਂ ਸ੍ਰੀ ਬਿਸਾਰੀਆਂ ਕਰਤਾਰਪੁਰ ਗਏ ਤਾਂ ਉਨ੍ਹਾਂ ਦਾ ਬਾਕਾਇਦਾ ਸਵਾਗਤ ਕੀਤਾ ਗਿਆ ਪਰ ਇਸ ਮੌਕੇ ਉਨ੍ਹਾਂ ਨੂੰ ਸਿਰੋਪਾ ਨਹੀਂ ਦਿੱਤਾ ਗਿਆ।