ਮਿੱਟੀ ਪਾਉਣ ‘ਤੇ ਹੋਏ ਟਕਰਾਅ ‘ਚ ਕਾਂਗਰਸੀਆਂ ਨੇ ਕੀਤੀ ਫਾਇਰਿੰਗ, ਇਕ ਦੀ ਮੌਤ, ਤਿੰਨ ਗੰਭੀਰ

ਮਿੱਟੀ ਪਾਉਣ ‘ਤੇ ਹੋਏ ਟਕਰਾਅ ‘ਚ ਕਾਂਗਰਸੀਆਂ ਨੇ ਕੀਤੀ ਫਾਇਰਿੰਗ, ਇਕ ਦੀ ਮੌਤ, ਤਿੰਨ ਗੰਭੀਰ

ਪੱਟੀ/ਬਿਊਰੋ ਨਿਊਜ਼ :
ਸਬ-ਡਿਵੀਜ਼ਨ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾੜੀ ਕੰਬੋਕੇ ਵਿੱਚ ‘ਆਪਣੀ ਜ਼ਮੀਨ’ ਵਿੱਚੋਂ ਲੰਘਦੇ ਪਹੇ (ਰਸਤੇ) ਤੋਂ ਮਿੱਟੀ ਹਟਾਉਣ ਤੋਂ ਰੋਕਣ ‘ਤੇ ਹੋਏ ਟਕਰਾਅ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਲੋਕਾਂ ਨੇ ਅਕਾਲੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ 3 ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਜ਼ਖ਼ਮੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵਿੱਚ ਰਸਤਾ ਬਣਾਇਆ ਹੋਇਆ ਹੈ ਤੇ ਨਾਲ ਦੀ ਜ਼ਮੀਨ ਕਿਸੇ ਹੋਰ ਦੀ ਹੈ। ਬਰਸਾਤ ਦੇ ਦਿਨਾਂ ਵਿੱਚ ਪਾਣੀ ਨਾਲ ਦੀ ਜ਼ਮੀਨ ਵਿੱਚ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਨੂੰ ਕੱਢਣ ਲਈ ਜ਼ਮੀਨ ਮਾਲਕ ਨੇ ਕਥਿਤ ਤੌਰ ‘ਤੇ ਟਰੈਕਟਰ ਲੈ ਕੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਰਸਤੇ ਤੋਂ ਮਿੱਟੀ ਹਟਾਉਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਰੋਕਣ ਲਈ ਉਨ੍ਹਾਂ ਦਾ ਪਰਿਵਾਰ ਉਥੇ ਗਿਆ। ਉਸ ਨੇ ਦੋਸ਼ ਲਾਇਆ ਕਿ ਜ਼ਮੀਨ ਮਾਲਕ ਤੇ ਉਸ ਦੇ 25-30 ਸਾਥੀਆਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਨਾਲ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਨਾਲ ਸੁਖਬੀਰ ਸਿੰਘ (35) ਪੁੱਤਰ ਬਾਜ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਸਮੇਤ ਨਿਸ਼ਾਨ ਸਿੰਘ ਅਤੇ ਪ੍ਰਗਟ ਸਿੰਘ ਜ਼ਖ਼ਮੀ ਹੋ ਗਏ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲੀਸ ਹਸਪਤਾਲ ਪੁੱਜੀ ਤੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ।