ਭਾਈਰੂਪਾ ਲੰਗਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਜ਼ਮੀਨੀ ਵਿਵਾਦ ਆਪਸੀ ਸਮਝੌਤੇ ਮਗਰੋਂ ਸਮਾਪਤ

ਭਾਈਰੂਪਾ ਲੰਗਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਜ਼ਮੀਨੀ ਵਿਵਾਦ ਆਪਸੀ ਸਮਝੌਤੇ ਮਗਰੋਂ ਸਮਾਪਤ

ਕੈਪਸ਼ਨ-ਬਠਿੰਡਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਪਿੰਡ ਭਾਈਰੂਪਾ ਦੇ ਜ਼ਮੀਨੀ ਵਿਵਾਦ ਸਬੰਧੀ ਦੋਵੇਂ ਧਿਰਾਂ ਨਾਲ ਮੀਟਿੰਗ ਕਰਦੇ ਹੋਏ।
ਬਠਿੰਡਾ/ਬਿਊਰੋ ਨਿਊਜ਼ :
ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈਰੂਪਾ ਵਿੱਚ ਲੰਗਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ 161 ਏਕੜ ਜ਼ਮੀਨ ਦੇ ਮਾਮਲੇ ਤੋਂ ਪੈਦਾ ਹੋਇਆ ਟਕਰਾਅ ਆਪਸੀ ਸਮਝੌਤੇ ਮਗਰੋਂ ਸਮਾਪਤ ਹੋ ਗਿਆ ਹੈ। ਬਠਿੰਡਾ ਜ਼ੋਨ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਵਿਚੋਲਗੀ ਭੂਮਿਕਾ ਨਿਭਾ ਕੇ ਕਈ ਵਰ੍ਹਿਆਂ ਤੋਂ ਬਣੇ ਤਣਾਅ ਨੂੰ ਕੁਝ ਸ਼ਰਤਾਂ ਨਾਲ ਨਿਬੇੜ ਦਿੱਤਾ ਹੈ। ਇਸ ਸਬੰਧੀ ਪਿਛਲੇ ਦੋ ਦਿਨਾਂ ਦੌਰਾਨ ਬਠਿੰਡਾ ਜ਼ੋਨ ਦੇ ਦਫ਼ਤਰ ਵਿੱਚ ਲੰਗਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧਾਂ ਵਿਚਾਲੇ ਮੀਟਿੰਗਾਂ ਚੱਲੀਆਂ। ਦੱਸਣਯੋਗ ਹੈ ਕਿ ਲੰਗਰ ਕਮੇਟੀ ਦੀ ਪਿੰਡ ਭਾਈਰੂਪਾ ਵਿੱਚ 161 ਏਕੜ ਜ਼ਮੀਨ ਦੀ ਮਾਲਕੀ ਹੁਣ ਸ਼੍ਰੋਮਣੀ ਕਮੇਟੀ ਦੇ ਨਾਮ ਸੀ। ਅਕਾਲੀ ਸਰਕਾਰ ਸਮੇਂ ਸ਼੍ਰੋਮਣੀ ਕਮੇਟੀ ਨੇ ਇਸ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ। ਹੁਣ ਜਦੋਂ ਹਕੂਮਤ ਬਦਲੀ ਤਾਂ ਲੰਗਰ ਕਮੇਟੀ ਨੇ ਇਸ ਵਿਵਾਦਿਤ ਜ਼ਮੀਨ ਦਾ ਮੁੜ ਕਬਜ਼ਾ ਲੈ ਲਿਆ, ਜਿਸ ਤੋਂ ਟਕਰਾਅ ਪੈਦਾ ਹੋ ਗਿਆ ਸੀ।
ਬਠਿੰਡਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਇਸ ਮਾਮਲੇ ‘ਤੇ ਦੋਵੇਂ ਧਿਰਾਂ ਨੂੰ ਗੱਲਬਾਤ ਲਈ ਤਿਆਰ ਕੀਤਾ ਅਤੇ ਅਖੀਰ ਲਿਖਤੀ ਸਮਝੌਤਾ ਸਿਰੇ ਚੜ੍ਹ ਗਿਆ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ (ਰਾਮਪੁਰਾ), ਮੈਂਬਰ ਬੀਬੀ ਜੋਗਿੰਦਰ ਕੌਰ ਤੇ ਮੋਹਨ ਸਿੰਘ ਬੰਗੀ, ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ, ਸਕੱਤਰ ਕੇਵਲ ਸਿੰਘ ਅਤੇ ਮੈਨੇਜਰ ਜਗਜੀਤ ਸਿੰਘ ਹਾਜ਼ਰ ਸਨ ਜਦੋਂ ਕਿ ਦੂਜੀ ਧਿਰ ਵੱਲੋਂ  ਲੰਗਰ ਕਮੇਟੀ ਦੇ ਆਗੂ ਧਰਮ ਸਿੰਘ ਖਾਲਸਾ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ। ਪ੍ਰਸ਼ਾਸਨ ਵੱਲੋਂ ਆਈ.ਜੀ ਮੁਖਵਿੰਦਰ ਸਿੰਘ ਛੀਨਾ,ਐਸ.ਐਸ.ਪੀ ਨਵੀਨ ਸਿੰਗਲਾ ਅਤੇ ਡੀ.ਐਸ.ਪੀ ਰਾਮਪੁਰਾ ਹਾਜ਼ਰ ਸਨ। ਸਮਝੌਤੇ ਅਨੁਸਾਰ ਸ਼੍ਰੋਮਣੀ ਕਮੇਟੀ 161 ਏਕੜ ਜ਼ਮੀਨ ਦੀ 2017-18 ਦੀ ਬੋਲੀ ਰੱਦ ਕਰਕੇ ਖੁਦ ਕਾਸ਼ਤ ਕਰੇਗੀ, ਜਿਸ ਦੇ ਠੇਕੇ ਦੇ 45 ਲੱਖ ਰੁਪਏ ਐਡਵਾਂਸ ਜਮ੍ਹਾਂ ਕਰਾਏ ਜਾਣਗੇ। ਇਸ ਰਾਸ਼ੀ ਵਿੱਚੋਂ 90 ਫੀਸਦੀ ਰਕਮ, ਜੋ 40.50 ਲੱਖ ਰੁਪਏ ਬਣਦੀ ਹੈ, ਦੀ ਐਫ.ਡੀ.ਆਰ. ਬਣਾ ਕੇ ਲੰਗਰ ਕਮੇਟੀ ਨੂੰ ਸੌਂਪੀ ਜਾਵੇਗੀ। ਸਮਝੌਤੇ ਅਨੁਸਾਰ ਅਗਲੇ ਵਰ੍ਹੇ 2018-19 ਵਿੱਚ ਜ਼ਮੀਨ ਦੀ ਖੁੱਲ੍ਹੀ ਬੋਲੀ ਮੁਨਿਆਦੀ ਕਰਾਕੇ ਅਤੇ ਇਸ਼ਤਿਹਾਰ ਪ੍ਰਕਾਸ਼ਤ ਕਰਕੇ ਕਰਵਾਈ ਜਾਵੇਗੀ। ਜਦੋਂ ਪਿੰਡ ਭਾਈਰੂਪਾ ਦੇ ਗੁਰਦਆਰਾ ਪਾਤਸ਼ਾਹੀ ਛੇਵੀਂ ਦੀ ਨਵੀਂ ਪ੍ਰਬੰਧਕੀ ਕਮੇਟੀ ਬਣੇਗੀ, ਉਹ ਜ਼ਮੀਨ ਦੀ 90 ਫੀਸਦੀ ਆਮਦਨ ਨੂੰ ਜਾਇਦਾਦ ਅਤੇ ਲੰਗਰ ‘ਤੇ ਖਰਚ ਕਰਗੀ। ਸ਼੍ਰੋਮਣੀ ਕਮੇਟੀ ਇਸ ਜ਼ਮੀਨ ‘ਤੇ ਆਪਣੀ ਖੇਤੀ ਮਸ਼ੀਨਰੀ ਨਾਲ ਕਾਸ਼ਤ ਕਰੇਗੀ ਅਤੇ ਪਿੰਡ ਭਾਈਰੂਪਾ ਦੇ ਵਸਨੀਕਾਂ ਤੇ ਲੰਗਰ ਕਮੇਟੀ ਵੱਲੋਂ ਕਿਸੇ ਤਰ੍ਹਾਂ ਕਾਸ਼ਤ ਵਿੱਚ ਵਿਘਨ ਨਹੀਂ ਪਾਇਆ ਜਾਵੇਗਾ।
ਬਠਿੰਡਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਦੋਹੇਂ ਧਿਰਾਂ ਨੇ ਬਿਨਾਂ ਕਿਸੇ ਦਬਾਅ ਤੋਂ ਸਰਬਸੰਮਤੀ ਨਾਲ ਸ਼ਰਤਾਂ ਸਹਿਤ ਸਹਿਮਤੀ ਦੇ ਦਿੱਤੀ ਹੈ, ਜਿਸ ਕਰਕੇ ਮਾਮਲਾ ਖ਼ਤਮ ਹੋ ਗਿਆ ਹੈ। ਸ੍ਰੀ ਛੀਨਾ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਵਿਵਾਦ ਦੌਰਾਨ ਜੋ ਪੁਲੀਸ ਕੇਸ ਦਰਜ ਹੋਏ ਹਨ, ਉਹ ਵੀ ਖਾਰਜ ਕੀਤੇ ਜਾਣਗੇ।