‘ਆਪ’ ਨੇ ਹਾਲ ਦੀ ਘੜੀ ਸਰਬਜੀਤ ਕੌਰ ਮਾਣੂੰਕੇ ਨੂੰ ਫੂਲਕਾ ਦੀ ਥਾਂ ਜ਼ਿੰਮੇਵਾਰੀ ਸੌਂਪਣ ਦਾ ਮਨ ਬਣਾਇਆ

‘ਆਪ’ ਨੇ ਹਾਲ ਦੀ ਘੜੀ ਸਰਬਜੀਤ ਕੌਰ ਮਾਣੂੰਕੇ ਨੂੰ ਫੂਲਕਾ ਦੀ ਥਾਂ ਜ਼ਿੰਮੇਵਾਰੀ ਸੌਂਪਣ ਦਾ ਮਨ ਬਣਾਇਆ

ਅਗਲੇ 10 ਦਿਨਾਂ ਅੰਦਰ ਨਵੇਂ ਸੂਬਾ ਸੰਗਠਨ ਦੇ ਅਹੁਦੇਦਾਰਾਂ ਦੀ ਹੋਵੇਗੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ.ਫੂਲਕਾ ਦਾ ਬਦਲ ਲੱਭਣ ਦੀ ਕਾਹਲ ਛੱਡ ਦਿੱਤੀ ਹੈ। ਪਾਰਟੀ ਹਾਈ ਕਮਾਂਡ ਨਵੇਂ ਸੂਬਾ ਸੰਗਠਨ ਦੇ ਅਹੁਦੇਦਾਰ ਨਿਯੁਕਤ ਕਰ ਕੇ ਸਿਆਸੀ ਸਰਗਰਮੀਆਂ ਵਧਾਉਣ ਦੇ ਰੌਂਅ ਵਿੱਚ ਹੈ। ਅਗਲੇ 10 ਦਿਨਾਂ ਵਿੱਚ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ। ਪਾਰਟੀ ਹਾਈ ਕਮਾਂਡ ਨੇ ਫੂਲਕਾ ਵੱਲੋਂ ਅਸਤੀਫ਼ਾ ਦੇਣ ਦੀ ਕਾਹਲ ਵਿਖਾਉਣ ਦੀ ਸੂਰਤ ਵਿੱਚ ਡਿਪਟੀ ਆਗੂ ਸਰਬਜੀਤ ਕੌਰ ਮਾਣੂੰਕੇ ਨੂੰ ਹਾਲ ਦੀ ਘੜੀ ਕਮਾਨ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਅਰੋੜਾ ਵੀ ਵਿਰੋਧੀ ਧਿਰ ਦੇ ਆਗੂ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਹਾਲਾਂਕਿ ਵਿਧਾਇਕ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਵੀ ਇਸ ਅਹੁਦੇ ਲਈ ਆਸ ਲਾਈ ਬੈਠੇ ਹਨ। ਦਲਿਤ ਵਰਗ ਨਾਲ ਸਬੰਧਤ ਸਰਬਜੀਤ ਕੌਰ ਮਾਣੂਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਆਗੂ ਹਨ। ਪਾਰਟੀ ਇੱਕ ਤੀਰ ਨਾਲ ਦੋ ਨਿਸ਼ਾਨੇ ਫ਼ੁੰਡਣ ਦੀ ਤਾਕ ਵਿੱਚ ਹੈ। ਪਾਰਟੀ ਦਲਿਤ ਅਤੇ ਮਹਿਲਾ ਵਰਗ ਨੂੰ ਇਹ ਅਹੁਦਾ ਦੇ ਕੇ ਦੂਹਰਾ ਲਾਭ ਲੈਣਾ ਚਾਹੁੰਦੀ ਹੈ। ਮਾਣੂੰਕੇ ਨੂੰ ਪਾਰਟੀ ਵਿੱਚ ਸਮਝਦਾਰ ਅਤੇ ਜ਼ਮੀਨ ਨਾਲ ਜੁੜੀ ਆਗੂ ਮੰਨਿਆ ਜਾ ਰਿਹਾ ਹੈ। ਪਾਰਟੀ ਹਾਈ ਕਮਾਂਡ ਫਿਲਹਾਲ ਫੂਲਕਾ ਦਾ ਬਦਲ ਲੱਭਣ ਦੀ ਥਾਂ ਪੰਜਾਬ ਵਿਚ ਸਰਗਰਮੀਆਂ ਤੇਜ਼ ਕਰਨ ਨੂੰ ਪਹਿਲ ਦੇਵੇਗੀ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਨਵੇਂ ਜਥੇਬੰਦਕ ਢਾਂਚੇ ‘ਤੇ ਚਰਚਾ ਕੀਤੀ ਹੈ। ਦੋਵਾਂ ਨੇ ਕੇਜਰੀਵਾਲ ਨੂੰ ਨਵੇਂ ਜਥੇਬੰਦਕ ਢਾਚੇ ਦੀ ਰੂਪ ਰੇਖਾ ਅਤੇ ਅਹੁਦੇਦਾਰਾਂ ਦੀ ਸੂਚੀ ਵੀ ਦਿੱਤੀ ਹੈ। ਉਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਦੀ ਤਰਜ਼ ‘ਤੇ ਪੰਜਾਬ ਪੱਧਰ ਤੋਂ ਲੈ ਕੇ ਬਲਾਕ ਜਾਂ ਵਾਰਡ ਪੱਧਰ ਤਕ ਅਹੁਦੇਦਾਰ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ‘ਆਪ’ ਦੇ ਪ੍ਰਧਾਨ ਤੋਂ ਬਾਅਦ ਰਾਜ ਨੂੰ ਪੰਜ ਹਿੱਸਿਆਂ ਵਿੱਚ ਵੰਡ ਕੇ ਜ਼ੋਨ ਪ੍ਰਧਾਨ ਲਾਏ ਜਾਣਗੇ। ਮਾਲਵਾ ਵਿੱਚ ਤਿੰਨ ਅਤੇ ਮਾਝਾ ਤੇ ਦੋਆਬਾ ਵਿੱਚ ਇੱਕ ਪ੍ਰਧਾਨ ਲਾਇਆ ਜਾਵੇਗਾ। ਇਸ ਦੌਰਾਨ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਫੂਲਕਾ ਦੀ ਥਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨਵਾਂ ਆਗੂ ਲੱਭਣ ਦੀ ਪਾਰਟੀ ਨੂੰ ਕੋਈ ਕਾਹਲ ਨਹੀਂ ਹੈ। ਬੀਬੀ ਮਾਣੂੰਕੇ ਪਹਿਲਾਂ ਹੀ ਡਿਪਟੀ ਆਗੂ ਹਨ।