ਮੇਰੇ ‘ਤੇ ਦੋਸ਼ ਮੜ੍ਹ ਕੇ ਵਾਅਦਿਆਂ ਤੋਂ ਭੱਜ ਰਹੇ ਨੇ ਮੁੱਖ ਮੰਤਰੀ : ਬਾਦਲ

ਮੇਰੇ ‘ਤੇ ਦੋਸ਼ ਮੜ੍ਹ ਕੇ ਵਾਅਦਿਆਂ ਤੋਂ ਭੱਜ ਰਹੇ ਨੇ ਮੁੱਖ ਮੰਤਰੀ : ਬਾਦਲ

ਚੰਡੀਗੜ੍ਹ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਉਨ੍ਹਾਂ ‘ਤੇ ਲਾਏ ਦੋਸ਼ਾਂ ਨੂੰ ‘ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਹੋਣ ਸਬੰਧੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਵਾਲਾ ਯਤਨ’ ਦੱਸਿਆ ਹੈ। ਗ਼ੌਰਤਲਬ ਹੈ ਕਿ ਮੁੱਖ ਮੰਤਰੀ ਨੇ ਦੋਸ਼ ਲਾਇਆ ਸੀ ਕਿ ਪਾਵਨ ਗ੍ਰੰਥ ਦੀ ਬੇਅਦਬੀ ਖ਼ਿਲਾਫ਼ ਫ਼ਰੀਦਕੋਟ ਵਿੱਚ ਪ੍ਰਦਰਸ਼ਨਾਂ ਦੌਰਾਨ ‘ਬੇਲੋੜੀ’ ਪੁਲੀਸ ਫਾਇਰਿੰਗ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਸਨ, ਪਿੱਛੇ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਸੀ।
ਸ੍ਰੀ ਬਾਦਲ ਨੇ ਬਿਆਨ ਵਿੱਚ ਕਿਹਾ, ‘ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਮੁੱਦੇ ‘ਤੇ ਦੋਸ਼ ਲਗਾ ਕੇ ਕਾਂਗਰਸ ਸਰਕਾਰ ਦੇ ਵਾਅਦੇ ਪੂਰੇ ਕਰਨ ‘ਚ ਨਾਕਾਮ ਰਹਿਣ ਖ਼ਿਲਾਫ਼ ਵਧ ਰਹੇ ਗੁੱਸੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਯਤਨ ਕੀਤਾ ਹੈ।’ ਉਨ੍ਹਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਬਿਆਨ ਨੇ ਉਸ ਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਰੰਜ਼ਿਸ਼ ਤਹਿਤ ਕਾਰਵਾਈ ਨਾ ਕਰਨ ਦੇ ਦਾਅਵਿਆਂ ਦੀ ‘ਸਚਾਈ’ ਸਾਹਮਣੇ ਲਿਆਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਅਮਰਿੰਦਰ ਸਿੰਘ ਉਤੇ ਬਹਿਬਲ ਕਲਾਂ ਦੇ ਜਾਂਚ ਕਮਿਸ਼ਨ ਦੇ ‘ਤਰਜਮਾਨ ਵਜੋਂ ਵਿਹਾਰ’ ਕਰਨ ਦਾ ਦੋਸ਼ ਵੀ ਲਾਇਆ।
ਉਨ੍ਹਾਂ ਕਿਹਾ, ‘ਸ਼ਾਇਦ, ਤੁਹਾਨੂੰ (ਅਮਰਿੰਦਰ) ਨਹੀਂ ਪਤਾ ਕਿ ਤੁਸੀਂ ਪਹਿਲੇ ਮੁੱਖ ਮੰਤਰੀ ਹੋਂ ਜੋ ਜਾਂਚ ਕਮਿਸ਼ਨ, ਜੋ ਤੁਸੀਂ ਹੀ ਕਾਇਮ ਕੀਤਾ ਹੈ, ਦੇ ਤਰਜਮਾਨ ਵਾਂਗ ਵਿਚਰ ਕਰ ਰਹੇ ਹੋਂ।’ ਸ੍ਰੀ ਬਾਦਲ ਨੇ ਹੈਰਾਨੀ ਜ਼ਾਹਰ ਕੀਤੀ ਕਿ ਇਹ ਕਿਸ ਤਰ੍ਹਾਂ ਦੀ ਜਾਂਚ ਹੋਵੇਗੀ ਜਦੋਂ ਮੁੱਖ ਮੰਤਰੀ ਨੇ ਪਹਿਲਾਂ ਹੀ ‘ਇਸ ਦੀ ਪੜਤਾਲ ਦੇ ਨਤੀਜੇ’ ਦੱਸ ਦਿੱਤੇ ਹਨ। ਉਨ੍ਹਾਂ ਕਿਹਾ, ‘ਜੇਕਰ ਤੁਸੀਂ (ਅਮਰਿੰਦਰ) ਸਾਰੇ ਕਾਸੇ ਦੇ ਅੰਤਿਮ ਜੱਜ ਹੋਂ ਤਾਂ ਤੁਸੀਂ ਉਹੀਂ ਦੋਸ਼ਾਂ ਤੇ ਉਹੀਂ ਨਤੀਜੇ ‘ਤੇ ਪਹੁੰਚਣ ਵਾਸਤੇ ਜਾਂਚ ਦੇ ਨਾਂ ‘ਤੇ ਕਮਿਸ਼ਨ ਗਠਿਤ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਕਿਉਂ ਰੋੜ੍ਹ ਰਹੇ ਹੋ।’ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਅਮਰਿੰਦਰ ਸਿੰਘ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਸ੍ਰੀ ਬਾਦਲ ਨੇ ਕਿਹਾ, ‘ਕੈਪਟਨ ਅਮਰਿੰਦਰ ਨੂੰ ਜਾਣਨ ਦੀ ਲੋੜ ਹੈ ਕਿ ਸੂਬੇ ਦਾ ਮੁੱਖ ਮੰਤਰੀ ‘ਥਾਣੇਦਾਰ’ ਜਾਂ ਐਸਐਸਪੀ ਨਹੀਂ ਹੁੰਦਾ, ਜਿਸ ਨੇ ਵਿਸ਼ੇਸ਼ ਹਾਲਾਤ ਵਿੱਚ ਫ਼ੈਸਲਾ ਕਰਨਾ ਹੁੰਦਾ ਹੈ ਕਿ ਉਸ ਦੀ ਫੋਰਸ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਅਫ਼ਸਰ ਨਾਲ ਸਬੰਧਤ ਹੈ, ਜੋ ਹਾਲਾਤ ਦਾ ਅੰਦਾਜ਼ਾ ਲਾਉਂਦਾ ਹੈ ਅਤੇ ਕਾਰਵਾਈ ਬਾਰੇ ਫ਼ੈਸਲਾ ਕਰਦਾ ਹੈ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਤਹਿਤ ਹੁਕਮ ਜਾਰੀ ਕਰਦਾ ਹੈ।’