ਨੂਰਮਹਿਲ ਡੇਰੇ ‘ਚ ਗੁਰੂ ਪੂਰਨਿਮਾ ਮੌਕੇ ਕਾਂਗਰਸੀ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ

ਨੂਰਮਹਿਲ ਡੇਰੇ ‘ਚ ਗੁਰੂ ਪੂਰਨਿਮਾ ਮੌਕੇ ਕਾਂਗਰਸੀ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ
ਕੈਪਸ਼ਨ-ਡੇਰੇ ਵਿੱਚ ਸਮਾਗਮ ਮੌਕੇ ਪੁੱਜੇ ਸਿਆਸੀ ਆਗੂ ਤੇ ਹੋਰ ਸੰਗਤ।

ਜਲੰਧਰ/ਬਿਊਰੋ ਨਿਊਜ਼ :
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਬਾਨੀ ਆਸ਼ੂਤੋਸ਼ ਦੀ ਦੇਹ ਸੰਭਾਲੀ ਰੱਖਣ ਦੇ ਆਏ ਅਦਾਲਤੀ ਫ਼ੈਸਲੇ ਤੋਂ ਬਾਅਦ ਡੇਰੇ ਵਿੱਚ ਪਹਿਲੀ ਵਾਰ ਗੁਰੂ ਪੂਰਨਿਮਾ ਮੌਕੇ ਵੱਡਾ ਭੰਡਾਰਾ ਕੀਤਾ ਗਿਆ। ਸਮਾਗਮ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ। ਇਨ੍ਹਾਂ ਵਿੱਚ ਕਾਂਗਰਸੀ ਆਗੂ ਮੋਹਰੀ ਰਹੇ। ਕਾਂਗਰਸ ਦੇ ਵੱਡੀ ਗਿਣਤੀ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਸਮਾਗਮ ਵਿੱਚ ਹਾਜ਼ਰ ਸਨ।
ਸੰਸਥਾਨ ਵੱਲੋਂ ਗੁਰੂ ਪੂਜਾ ਦਾ ਪੁਰਬ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਇਸੇ ਦਿਨ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ। ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੀਤੇ ਇਸ ਸਮਾਗਮ ਵਿੱਚ ਲੋਕਾਂ ਅਤੇ ਸਿਆਸੀ ਆਗੂਆਂ ਦੇ ਇਕੱਠ ਨੂੰ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸੀ ਆਗੂਆਂ ਵਿੱਚ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ, ਸੁਨੀਲ ਦੱਤੀ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਸ਼ਾਮਲ ਸਨ।
ਭਾਜਪਾ ਵੱਲੋਂ ਸੂਬਾਈ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਕੁਮਾਰ ਸਾਂਪਲਾ, ਵਿਧਾਇਕ ਸੋਮ ਪ੍ਰਕਾਸ਼, ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌੜ, ਸਾਬਕਾ ਮੰਤਰੀ ਤੀਕਸ਼ਣ ਸੂਦ ਤੇ ਮੇਅਰ ਸੁਨੀਲ ਜੋਤੀ ਹਾਜ਼ਰ ਸਨ, ਜਦੋਂ ਕਿ ਅਕਾਲੀ ਦਲ ਦੇ ਵਿਧਾਇਕਾਂ ਵਿੱਚ ਪਵਨ ਕੁਮਾਰ ਟੀਨੂੰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਹਾਜ਼ਰ ਸਨ।
ਗ਼ੌਰਤਲਬ ਹੈ ਕਿ ਸੰਸਥਾਨ ਦੇ ਬਾਨੀ ‘ਆਸ਼ੂਤੋਸ਼ ਮਹਾਰਾਜ’ ਨੂੰ 28-29 ਜਨਵਰੀ 2014 ਦੀ ਦਰਮਿਆਨੀ ਰਾਤ ਨੂੰ ਦਿਲ ਵਿੱਚ ਦਰਦ ਉੱਠਿਆ ਸੀ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਡੇਰੇ ਦੇ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਆਸ਼ੂਤੋਸ਼ ਮਹਾਰਾਜ’ ਡੂੰਘੀ ਸਮਾਧੀ ਵਿੱਚ ਹਨ ਤੇ ਇਕ ਦਿਨ ਵਾਪਸ ਜ਼ਰੂਰ ਆਉਣਗੇ। ਉਨ੍ਹਾਂ ਦੀ ਦੇਹ ਨੂੰ ਫਰੀਜ਼ਰ ਵਿੱਚ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਬੀਤੇ ਦਿਨੀਂ ਹਾਈ ਕੋਰਟ ਦਾ ਫ਼ੈਸਲਾ ਆਇਆ ਸੀ ਕਿ ਡੇਰਾ ਪ੍ਰਬੰਧਕ ‘ਆਸ਼ੂਤੋਸ਼ ਮਹਾਰਾਜ’ ਦੀ ਦੇਹ ਨੂੰ ਸੰਭਾਲ ਸਕਦੇ ਹਨ, ਇਸ ਲਈ ਉਨ੍ਹਾਂ ਨੂੰ 50 ਲੱਖ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।