ਹੱਥ ਲਿਖਤ ਸਰੂਪ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਲ ਖ਼ਾਲਸਾ ਦੇ ਆਗੂਆਂ ਨੂੰ ਪੂਰਨ ਤਸੱਲੀ ਕਰਵਾਈ

ਹੱਥ ਲਿਖਤ ਸਰੂਪ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਲ ਖ਼ਾਲਸਾ ਦੇ ਆਗੂਆਂ ਨੂੰ ਪੂਰਨ ਤਸੱਲੀ ਕਰਵਾਈ

ਤਲਵੰਡੀ ਸਾਬੋ/ਬਿਊਰੋ ਨਿਊਜ਼ :
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਇੱਕ ਹੱਥ ਲਿਖਤ ਸਰੂਪ ਬਾਰੇ ਉੱਠੇ ਵਿਵਾਦ ਸਬੰਧੀ ਇੱਥੇ ਪੁੱਜੇ ਦਲ ਖ਼ਾਲਸਾ ਦੇ ਆਗੂਆਂ ਦੇ ਵਫ਼ਦ ਨੂੰ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੂਰਨ ਤੌਰ ‘ਤੇ ਤਸੱਲੀ ਕਰਵਾਈ ਗਈ। ਬੈਠਕ ਤੋਂ ਬਾਅਦ ਆਗੂਆਂ ਨੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਬਾਣੀ ਨਾਲ ਛੇੜਛਾੜ ਵਾਲੀ ਕੋਈ ਗੱਲ ਨਹੀਂ ਹੈ ਅਤੇ ਇਹ ਜਾਣਬੁੱਝ ਕੇ ਖੜ੍ਹਾ ਕੀਤਾ ਗਿਆ ਵਿਵਾਦ ਹੈ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥੀਂ ਲਿਖਿਆ ਸਰੂਪ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਧਾਈ ਹੋਣ ਤੋਂ ਬਾਅਦ ਤਖ਼ਤ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਗਿਆ ਸੀ। ਪਿਛਲੇ ਦਿਨੀਂ ਉਕਤ ਸਰੂਪ ਬਾਰੇ ਇਹ ਵਿਵਾਦ ਖੜ੍ਹਾ ਹੋ ਗਿਆ ਸੀ ਕਿ ਇਸ ਵਿੱਚ ਬਾਣੀ ਨਾਲ ਛੇੜਛਾੜ ਕੀਤੀ ਗਈ ਹੈ। ਇਸ ਮਸਲੇ ਦੀ ਅਸਲੀਅਤ ਜਾਣਨ ਲਈ ਦਲ ਖ਼ਾਲਸਾ ਦੇ ਆਗੂਆਂ ਦਾ ਇੱਕ ਵਫ਼ਦ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ਹੇਠ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਅਤੇ ਸਿੰਘ ਸਾਹਿਬ ਨੇ ਆਪਣੇ ਲੈਪਟੌਪ ਜ਼ਰੀਏ ਪੁਰਾਤਨ ਹੱਥ ਲਿਖਤ ਤੇ ਲੜੀਵਾਰ ਸਰੂਪਾਂ ਅਤੇ ਉਕਤ ਹੱਥ ਲਿਖਤ ਸਰੂਪ ਦੀਆਂ ਫੋਟੋਆਂ ਰਾਹੀਂ ਵਫ਼ਦ ਨੂੰ ਪੂਰਨ ਤਸੱਲੀ ਕਰਵਾਈ।
ਹਰਦੀਪ ਸਿੰਘ ਮਹਿਰਾਜ ਨੇ ਮੀਡੀਆ ਨੂੰ ਦੱਸਿਆ ਕਿ ਕੌਮ ਨੂੰ ਅਜਿਹੇ ਵਿਵਾਦਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।