‘ਸਿੱਖਜ਼ ਫਾਰ ਜਸਟਿਸ’ ਦੇ ਆਗੂਆਂ ਨੂੰ ਭਾਰਤ ਹਵਾਲੇ ਕੀਤਾ ਜਾਵੇ : ਭਾਜਪਾ

‘ਸਿੱਖਜ਼ ਫਾਰ ਜਸਟਿਸ’ ਦੇ ਆਗੂਆਂ ਨੂੰ ਭਾਰਤ ਹਵਾਲੇ ਕੀਤਾ ਜਾਵੇ : ਭਾਜਪਾ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਨੇ ‘ਸਿੱਖਜ਼ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਸਪੁਰਦਗੀ ਲਈ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਭਾਜਪਾ ਆਗੂਆਂ ਵਿਨੀਤ ਜੋਸ਼ੀ ਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ‘ਸਿੱਖਜ਼ ਫਾਰ ਜਸਟਿਸ’ ਦੇ ਆਗੂਆਂ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਹੁਣ ਇਨ੍ਹਾਂ ਆਗੂਆਂ ਨੂੰ ਪੰਜਾਬ ਲਿਆ ਕੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਤੋੜਨ ਦਾ ਸੁਫ਼ਨਾ ਦੇਖਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਜਪਾ ਹਮੇਸ਼ਾ ਪੰਜਾਬ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸੇ ਪੰਜਾਬੀ ਅਮਨ ਅਤੇ ਸ਼ਾਂਤੀ ਪਸੰਦ ਕਰਦੇ ਹਨ, ਉਨ੍ਹਾਂ ਨੂੰ ਭਾਰਤੀ ਹੋਣ ‘ਤੇ ਮਾਣ ਹੈ ਅਤੇ ਉਹ ‘ਸਿੱਖਜ਼ ਫਾਰ ਜਸਟਿਸ’ ਵਰਗੀ ਸੰਸਥਾ ਨਾਲ ਕੋਈ ਸਰੋਕਾਰ ਨਹੀਂ ਰੱਖਦੇ।