ਸੰਗਤ ਦੇ ਵਿਰੋਧ ਮਗਰੋਂ ਹਰਿਮੰਦਰ ਸਾਹਿਬ ਵਿੱਚ ਗੂੜ੍ਹੇ ਰੰਗਾਂ ਦੀਆਂ ਲਾਈਟਾਂ ਕੀਤੀਆਂ ਬੰਦ

ਸੰਗਤ ਦੇ ਵਿਰੋਧ ਮਗਰੋਂ ਹਰਿਮੰਦਰ ਸਾਹਿਬ ਵਿੱਚ ਗੂੜ੍ਹੇ ਰੰਗਾਂ ਦੀਆਂ ਲਾਈਟਾਂ ਕੀਤੀਆਂ ਬੰਦ
ਕੈਪਸ਼ਨ-ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਲੱਗੀਆਂ ਰੰਗ-ਬਰੰਗੀਆਂ ਲਾਈਟਾਂ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਤਿ-ਆਧੁਨਿਕ ਲਾਈਟਾਂ ਲਾਉਣ ਦੇ ਚੱਲ ਰਹੇ ਕੰਮ ਦੌਰਾਨ ਤਜਰਬੇ ਵਜੋਂ ਗੂੜ੍ਹੇ ਰੰਗਾਂ ਦੀਆਂ ਲਾਈਟਾਂ ਦਾ ਪ੍ਰਦਰਸ਼ਨ ਕੀਤੇ ਜਾਣ ‘ਤੇ ਸੰਗਤ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਕਾਰਨ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਪ੍ਰਾਜੈਕਟ ਮੁਕੰਮਲ ਹੋਣ ਮਗਰੋਂ ਹੀ ਦੁਬਾਰਾ ਸ਼ੁਰੂ ਹੋਣਗੀਆਂ।
ਲਗਭਗ 13 ਕਰੋੜ ਰੁਪਏ ਦੀ ਇਸ ਯੋਜਨਾ ਤਹਿਤ ਇਕ ਨਾਮੀ ਕੰਪਨੀ ਦੀਆਂ ਅਤਿ-ਆਧੁਨਿਕ ਲਾਈਟਾਂ ਲਾਈਆਂ ਗਈਆਂ ਹਨ।
ਪਿਛਲੇ ਦਿਨੀਂ ਤਜਰਬੇ ਵਜੋਂ ਦੋ-ਤਿੰਨ ਦਿਨ ਪਰਿਕਰਮਾ, ਘੰਟਾ ਘਰ, ਆਟਾ ਮੰਡੀ ਚੌਕ ਵਾਲੇ ਪਾਸੇ ਲਾਲ, ਨੀਲੇ ਤੇ ਹਰੇ ਰੰਗ ਦੀਆਂ ਲਾਈਟਾਂ ਪ੍ਰਦਰਸ਼ਤ ਕੀਤੀਆਂ ਗਈਆਂ ਸਨ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੌਰਾਨ ਰਾਤ ਸਮੇਂ ਸ਼ਰਧਾਲੂਆਂ ਨੇ ਇਨ੍ਹਾਂ ਲਾਈਟਾਂ ਦਾ ਪ੍ਰਦਰਸ਼ਨ ਵੀ ਵੇਖਿਆ। ਕੁਝ ਸ਼ਰਧਾਲੂਆਂ ਵੱਲੋਂ ਇਸ ਰੂਹਾਨੀ ਅਸਥਾਨ ‘ਤੇ ਇਨ੍ਹਾਂ ਗੂੜੇ ਰੰਗਾਂ ਵਾਲੀਆਂ ਲਾਈਟਾਂ ਦੇ ਪ੍ਰਦਰਸ਼ਨ ‘ਤੇ ਇਤਰਾਜ਼ ਕੀਤਾ ਗਿਆ ਹੈ। ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਇਸ ਰੂਹਾਨੀ ਅਸਥਾਨ ‘ਤੇ ਅਜਿਹੀਆਂ ਗੂੜ੍ਹੇ ਤੇ ਭੜਕਾਊ ਰੰਗਾਂ ਵਾਲੀਆਂ ਲਾਈਟਾਂ ਦਾ ਪ੍ਰਭਾਵ ਠੀਕ ਨਹੀਂ ਹੈ।
ਇਸ ਦੌਰਾਨ ਤਕਨੀਕੀ ਮਾਹਰਾਂ ਨੇ ਸਪਸ਼ਟ ਕੀਤਾ ਕਿ ਤਜਰਬੇ ਵਜੋਂ ਇਨ੍ਹਾਂ ਲਾਈਟਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਯੋਜਨਾ 20 ਜੁਲਾਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ ਅਤੇ ਇਸ ਮਗਰੋਂ ਹੀ ਕੰਪਿਊਟਰ ਦੀ ਮਦਦ ਨਾਲ ਹਲਕੇ ਰੰਗਾਂ ਦੀ ਚੋਣ ਕੀਤੀ ਜਾਵੇਗੀ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਤਿ-ਆਧੁਨਿਕ ਲਾਈਟਾਂ ਲਾਉਣ ਦੀ ਯੋਜਨਾ ਹੇਠ ਲਾਈਟਾਂ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਇਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਜਲਦੀ ਹੀ ਕੰਮ ਮੁਕੰਮਲ ਹੋ ਜਾਵੇਗਾ।