ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਵੱਡਾ ਉਪਰਾਲਾ

ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਵੱਡਾ ਉਪਰਾਲਾ
ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਲੰਗਰ ਤਿਆਰ ਕਰਦੇ ਸੇਵਾਦਾਰ।

ਅੰਮ੍ਰਿਤਸਰ/ਬਿਊਰੋ ਨਿਊਜ਼:
ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਹੁਣ ਸੂਰਜੀ ਊਰਜਾ ਨਾਲ ਪੈਦਾ ਕੀਤੀ ਭਾਫ਼ ਰਾਹੀਂ ਲੰਗਰ ਤਿਆਰ ਕਰਨ ਦੀ ਯੋਜਨਾ ਹੈ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟੇਗਾ, ਸਗੋਂ ਗੈਸ ਸਿਲੰਡਰਾਂ ਦੀ ਵਰਤੋਂ ਵੀ ਘਟੇਗੀ।
ਪੇਡਾ ਦੇ ਡਾਇਰੈਕਟਰ ਬਲੌਰ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਸੋਮਵਾਰ ਨੂੰਨਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਨਵੀਂ ਇਮਾਰਤ ‘ਤੇ ਸੋਲਰ ਊਰਜਾ ਪਲਾਂਟ ਲਾਉਣ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਮੇਟੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਪਲਾਂਟ ‘ਤੇ ਲਗਪਗ ਡੇਢ ਕਰੋੜ ਰੁਪਏ ਖਰਚ ਆਵੇਗਾ। ਇਸ ਪ੍ਰਣਾਲੀ ਦੀ ਵਰਤੋਂ ਨਾਲ ਰੋਜ਼ਾਨਾ 55 ਗੈਸ ਸਿਲੰਡਰਾਂ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਤੇ ਹੋਰ ਸ਼ਾਮਲ ਸਨ।
ਪੇਡਾ ਡਾਇਰੈਕਟਰ  ਬਲੋਰ ਸਿੰਘ ਨੇ ਸੋਲਰ ਊਰਜਾ ਸਿਸਟਮ ਲਾਉਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸਮੁੱਚੀ ਜਾਣਕਾਰੀ ਦਿੱਤੀ। ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਅਤੇ ਪੇਡਾ ਦੇ ਸਾਬਕਾ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਜਲਦੀ ਸੋਲਰ ਊਰਜਾ ਸਿਸਟਮ ਸਥਾਪਤ ਕੀਤਾ ਜਾਵੇਗਾ, ਜਿਸ ਰਾਹੀਂ ਪੈਦਾ ਹੋਈ ਭਾਫ ਨਾਲ ਲੰਗਰ ਤਿਆਰ ਹੋਵੇਗਾ। ਇਸ ਤੋਂ ਪਹਿਲਾਂ ਇੱਥੇ ਲੱਕੜ ਅਤੇ ਐਲਪੀਜੀ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਇਹ ਪਲਾਂਟ ਲੱਗਣ ਤੋਂ ਬਾਅਦ ਘਟ ਜਾਵੇਗੀ ਤੇ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਦੱਸਿਆ ਕਿ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਇਸ ਪਲਾਂਟ ਦੀ ਸੇਵਾ ਐਨਪਾਰ ਗਰੁੱਪ ਮੁੰਬਈ ਵੱਲੋਂ ਪੇਡਾ ਰਾਹੀਂ ਕੀਤੀ ਜਾਵੇਗੀ। ਨਵੀਂ ਪ੍ਰਣਾਲੀ ਸ਼ੁਰੂ ਹੋਣ ਨਾਲ ਲੰਗਰ ਤਿਆਰ ਕਰਨ ਲਈ ਪਹਿਲਾਂ ਨਾਲੋਂ ਘੱਟ ਸਮਾਂ ਲੱਗੇਗਾ। ਬੱਦਲਵਾਈ, ਧੁੰਦ ਆਦਿ ਹੋਣ ‘ਤੇ ਭਾਫ ਸੂਰਜੀ ਊਰਜਾ ਪਲਾਂਟ ਦੀ ਥਾਂ ਐਲਪੀਜੀ ਗੈਸ ਅਤੇ ਤੇਲ ਦੀ ਵਰਤੋਂ ਨਾਲ ਤਿਆਰ ਹੋਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਵਿੱਚ ਅਜਿਹਾ ਪਲਾਂਟ ਸਥਾਪਤ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਬਾਲਣ ਦੀ ਵਰਤੋਂ ਨਾਲ ਭਾਫ਼ ਤਿਆਰ ਕੀਤੀ ਜਾਂਦੀ ਹੈ ਅਤੇ ਮਗਰੋਂ ਭਾਫ ਨਾਲ ਲੰਗਰ ਤਿਆਰ ਹੁੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਪਹਿਲਾਂ ਸੂਰਜੀ ਊਰਜਾ ਰਾਹੀਂ ਲੰਗਰ ਘਰ ਵਾਸਤੇ ਪਾਣੀ ਗਰਮ ਕਰਨ ਦਾ ਪਲਾਂਟ ਅਤੇ ਪੰਜ ਕਿਲੋਵਾਟ ਸੂਰਜੀ ਬਿਜਲੀ ਪਲਾਂਟ ਲੱਗਿਆ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੇਡਾ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।