‘ਸ਼ਹੀਦ ਗੈਲਰੀ’ ਬਾਰੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਇਤਰਾਜ਼ ਪ੍ਰਗਟਾਇਆ

‘ਸ਼ਹੀਦ ਗੈਲਰੀ’ ਬਾਰੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਇਤਰਾਜ਼ ਪ੍ਰਗਟਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਤ ਸ਼ਹੀਦੀ ਯਾਦਗਾਰ ਦੇ ਜ਼ਮੀਨਦੋਜ਼ ਹਾਲ ਵਿੱਚ ‘ਸ਼ਹੀਦ ਗੈਲਰੀ’ ਬਣਾਉਣ ਦੇ ਫ਼ੈਸਲੇ ‘ਤੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸ਼ਹੀਦ ਗੈਲਰੀ, ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਯਾਦਗਾਰ ਸਮੂਹ ਅੰਦਰ ਨਹੀਂ ਬਣਨੀ ਚਾਹੀਦੀ। ਉਨ੍ਹਾਂ ਆਖਿਆ ਕਿ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼ਹੀਦੀ ਯਾਦਗਾਰ ਜੋ ਕੁਝ ਵਰ੍ਹੇ ਪਹਿਲਾਂ ਬਣਾਈ ਗਈ ਹੈ, ਉਹ ਵੀ ਅਕਾਲ ਤਖ਼ਤ ਤੋਂ ਕੁਝ ਫੁੱਟ ਉਚੀ ਹੈ, ਜੋ ਅਕਾਲ ਤਖ਼ਤ ਦੇ ਸਨਮਾਨ ਨੂੰ ਢਾਹ ਲਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦ ਗੈਲਰੀ ਦੀ ਸਥਾਪਨਾ ਦੀ ਜ਼ਿੰਮੇਵਾਰੀ ਇਕ ਸੰਪਰਦਾ ਨੂੰ ਸੌਂਪ ਦਿੱਤੀ ਗਈ ਹੈ, ਜੋ ਕਮੇਟੀ ਵਲੋਂ ਆਪਣੇ ਫ਼ਰਜ਼ਾਂ ਤੋਂ ਭੱਜਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਡੇਰੇਦਾਰਾਂ ਨੂੰ ਸੌਂਪਣਾ ਗਲਤ ਪ੍ਰੰਪਰਾ ਨੂੰ ਤੋਰਨਾ ਹੈ।