ਪੰਜਾਬੀ ਲੇਖਕ ਇਕਬਾਲ ਸਿੰਘ ਰਾਮੂਵਾਲੀਆ ਦਾ ਲੰਬੀ ਬਿਮਾਰੀ ਬਾਅਦ ਦੇਹਾਂਤ

ਪੰਜਾਬੀ ਲੇਖਕ ਇਕਬਾਲ ਸਿੰਘ ਰਾਮੂਵਾਲੀਆ ਦਾ ਲੰਬੀ ਬਿਮਾਰੀ ਬਾਅਦ ਦੇਹਾਂਤ

ਚੰਡੀਗੜ੍ਹ/ਬਿਊਰੋ ਨਿਊਜ਼ :
ਕੈਨੇਡਾ ਰਹਿੰਦੇ ਉੱਘੇ ਪੰਜਾਬੀ ਲਿਖਾਰੀ ਇਕਬਾਲ ਸਿੰਘ ਰਾਮੂਵਾਲੀਆ ਦਾ ਲੰਬੀ ਬਿਮਾਰੀ ਬਾਅਦ ਅੱਜ ਬਰੈਂਪਟਨ ਵਿੱਚ ਦੇਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਉਹ ਗਦੂਦਾਂ ਦੇ ਕੈਂਸਰ ਤੋਂ ਪੀੜਤ ਸਨ। ਇਕਬਾਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਛੋਟੇ ਭਰਾ ਸਨ ਪਰ ਜਾਇਦਾਦ ਦੇ ਝਗੜੇ ਕਾਰਨ ਦੋਵੇਂ ਭਰਾਵਾਂ ਵਿੱਚ ਫਿੱਕ ਪੈ ਗਿਆ। ਉਨ੍ਹਾਂ ਦਾ ਪਿਤਾ ਕਰਨੈਲ ਰਾਮੂਵਾਲੀਆ, ਜੋ ਕਰਨੈਲ ਸਿੰਘ ਪਾਰਸ ਦੇ ਨਾਂ ਨਾਲ ਮਸ਼ਹੂਰ ਸੀ, ਉਘਾ ਕਵੀਸ਼ਰ ਸੀ।
ਸ੍ਰੀ ਰਾਮੂਵਾਲੀਆ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲ ਦੇ ਵਸਨੀਕ ਸਨ ਅਤੇ ਉਹ 1970 ਵਿੱਚ ਕੈਨੇਡਾ ਪਰਵਾਸ ਕਰ ਗਏ ਸਨ। ਇਸ ਤੋਂ ਪਹਿਲਾਂ ਉਹ ਸਰਕਾਰੀ ਕਾਲਜ, ਗੁਰੂਸਰ ਸੁਧਾਰ (ਲੁਧਿਆਣਾ) ‘ਚ ਅੰਗਰੇਜ਼ੀ ਪੜ੍ਹਾਉਂਦੇ ਰਹੇ। 70ਵਿਆਂ ਵਿੱਚ ਉਨ੍ਹਾਂ ਦੀ ਸ਼ਾਇਰ ਵਜੋਂ ਪਛਾਣ ਬਣ ਗਈ ਸੀ। ਉਨ੍ਹਾਂ ਨੂੰ ਕੈਨੇਡਾ ਵਿੱਚ ਖਾਲਿਸਤਾਨ ਲਹਿਰ ਖ਼ਿਲਾਫ਼ ਸਖ਼ਤ ਸਟੈਂਡ ਲੈਣ ਲਈ ਜਾਣਿਆ ਜਾਂਦਾ ਸੀ। ਇਕਬਾਲ ਰਾਮੂਵਾਲੀਆ ਵਲੋਂ ‘ਸੁਲਘਦੇ ਅਹਿਸਾਸ’, ‘ਕੁਝ ਵੀ ਨਹੀਂ’, ‘ਪਾਣੀ ਦਾ ਪ੍ਰਛਾਵਾਂ’ ਅਤੇ ‘ਕਵਿਤਾ ਮੈਨੂੰ ਲਿਖਦੀ ਹੈ’ ਕਾਵਿ-ਸੰਗ੍ਰਹਿ ਲਿਖੇ। ਉਨ੍ਹਾਂ ਨੇ ਕਾਵਿ-ਨਾਟ ‘ਪਲੰਘ ਪੰਘੂੜਾ’ ਅਤੇ ਅੰਗਰੇਜ਼ੀ ਨਾਵਲ ‘ਡੈੱਥ ਆਫ ਏ ਪਾਸਪੋਰਟ’ ਅਤੇ ‘ਦਿ ਮਿਡਏਅਰ ਫਰਾਊਨ’ ਲਿਖਿਆ। ਉਨ੍ਹਾਂ ਦੀ ਸਵੈਜੀਵਨੀ ਦੋ ਭਾਗਾਂ ਵਿੱਚ ‘ਸੜਦੇ ਸਾਜ਼ ਦੀ ਸਰਗਮ’ ਅਤੇ ‘ਬਰਫ ਵਿੱਚੋਂ ਉਗਦਿਆਂ’ ਨਾਂ ਹੇਠ ਛਪੀ ਹੈ।
ਉਘੇ ਕਹਾਣੀਕਾਰ ਵਰਿਆਮ ਸੰਧੂ ਨੇ ਇਕਬਾਲ ਰਾਮੂਵਾਲੀਆ ਨੂੰ ਵਧੀਆ ਸ਼ਾਇਰ, ਚੰਗਾ ਗਲਪਕਾਰ ਤੇ ਖ਼ੂਬਸੂਰਤ ਇਨਸਾਨ ਦੱਸਿਆ। ਉਨ੍ਹਾਂ ਦੱਸਿਆ, ‘ਮੈਂ ਇਕਬਾਲ ਨੂੰ ਆਪਣੇ ਪਰਚੇ ‘ਸੀਰਤ’ ਲਈ ਆਪਣੀ ਸਵੈਜੀਵਨੀ ਲਿਖਣ ਲਈ ਮਨਾਇਆ ਸੀ। ਉਹਨੇ ‘ਸੜਦੇ ਸਾਜ਼ ਦੀ ਸਰਗਮ’ ਲਿਖੀ ਅਤੇ ਦੱਸ ਦਿੱਤਾ ਕਿ ਵਾਰਤਕ ਲਿਖਣ ਦਾ ਹੁਨਰ ਕੋਈ ਉਸਤੋਂ ਸਿੱਖੇ। ਫਿਰ ਦੂਜਾ ਭਾਗ ਲਿਖਿਆ ਤੇ ਉਹ ਵੀ ਪੁਸਤਕ ਰੂਪ ‘ਚ ਛਪਣ ਤੋਂ ਪਹਿਲਾਂ ‘ਸੀਰਤ’ ਵਿੱਚ ਛਪਿਆ। ਹੁਣ ਉਹਨੇ ਵਾਅਦਾ ਕੀਤਾ ਸੀ ਕਿ ਉਹ ਤੀਜਾ ਭਾਗ ਵੀ ਲਿਖੇਗਾ। ਪਰ ਉਹ ਵਾਅਦਾ ਤੋੜ ਗਿਆ।