ਵਿਰੋਧੀ ਧਿਰਾਂ ਵਲੋਂ ਸਪੀਕਰ ਉੱਤੇ ਪੱਖਪਾਤ ਤੇ ਤਾਨਾਸ਼ਾਹੀ ਰੁਖ਼ ਅਪਣਾਉਣ ਦੇ ਦੋਸ਼

ਵਿਰੋਧੀ ਧਿਰਾਂ ਵਲੋਂ ਸਪੀਕਰ ਉੱਤੇ ਪੱਖਪਾਤ ਤੇ ਤਾਨਾਸ਼ਾਹੀ ਰੁਖ਼ ਅਪਣਾਉਣ ਦੇ ਦੋਸ਼
ਬਜਟ ਸੈਸ਼ਨ ਦੇ ਤੀਜੇ ਦਿਨ ਪੰਜਾਬ ਵਿਧਾਨ ਸਭਾ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ।

ਚੰਡੀਗੜ੍ਹ/ਬਿਊਰੋ ਨਿਊਜ਼ :
‘ਆਪ’ ਦੇ ਵਿਧਾਇਕ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ‘ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਪੱਖਪਾਤ ਅਤੇ ਤਾਨਾਸ਼ਾਹੀ ਰੁਖ਼ ਅਪਣਾਉਣ ਦੇ ਦੋਸ਼ ਲਾਏ ਹਨ।
‘ਆਪ’ ਵਿਧਾਇਕ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ  ਸਦਨ ਦੀ ਕਾਰਵਾਈ ਮੁਲਤਵੀ ਹੋਣ ‘ਤੇ ਸਦਨ ਦੀ ਵੀਡੀਓ ਬਣਾਈ ਸੀ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਸੀ ਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਪਿਛਲੀ ਸਰਕਾਰ ਦੇ ਆਖਰੀ ਵਿਧਾਨ ਸਭਾ ਸੈਸ਼ਨ ਦੌਰਾਨ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਚੰਨੀ, ਕੁਲਜੀਤ ਨਾਗਰਾ, ਰਾਜਾ ਵੜਿੰਗ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈਆਂ ਸਨ।
ਸਦਨ ਦੀ ਕਾਰਵਾਈ ਨਾ ਚੱਲਣ ਵੇਲੇ ਵੀਡੀਓ ਬਣਾਉਣਾ ਕੋਈ ਗ਼ਲਤ ਗੱਲ ਨਹੀਂ ਹੈ ਪਰ ਸਪੀਕਰ ਨੇ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਤੇ ਪੂਰੇ ਸੈਸ਼ਨ ਲਈ ਮੁਅੱਤਲ ਕਰਨ ਦਾ ਫ਼ਰਮਾਨ ਸੁਣਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਸੰਸਦ ਦੀ ਕਾਰਵਾਈ ਦਾ ਸਿੱਧਾ ਪ੍ਰਾਸਰਨ ਹੁੰਦਾ ਹੈ ਤਾਂ ਵਿਧਾਨ ਸਭਾ ਦੀ ਕਾਰਵਾਈ ਦਾ ਵੀ ਸਿੱਧਾ ਪ੍ਰਸਾਰਨ ਹੋਣਾ ਚਾਹੀਦਾ ਹੈ।
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਪੂਰੇ ਸੈਸ਼ਨ ਲਈ ਮੁਅੱਤਲ ਕੀਤਾ ਗਿਆ ਸੀ, ਨੇ ਵੀ ਸਪੀਕਰ ਦੇ ‘ਪੱਖਪਾਤੀ ਵਤੀਰੇ’ ਦੀ ਨਿਖੇਧੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਪੀਕਰ ਵਲੋਂ ਰਾਜਪਾਲ ਦੇ ਧੰਨਵਾਦ ਮਤੇ ‘ਤੇ ਬਹਿਸ ਦੌਰਾਨ ਪੂਰਾ ਸਮਾਂ ਨਾ ਦਿੱਤੇ ਜਾਣ ਕਾਰਨ ਖ਼ਫ਼ਾ ਸਨ ਤੇ ਉਨ੍ਹਾਂ ਨੇ ਸਦਨ ‘ਚੋਂ ਵਾਕਆਊਟ ਕਰਨ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਵਿੱਚ ਸਪੀਕਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਪੀਕਰ ਵਲੋਂ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਅਕਾਲੀ ਵਿਧਾਇਕਾਂ ਪਰਮਿੰਦਰ ਸਿੰਘ ਢੀਂਡਸਾ, ਐਨ.ਕੇ.ਸ਼ਰਮਾ, ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਉਹ ਕਰਜ਼ਾ ਮੁਆਫ਼ੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਸਦਨ ਦੇ ਅੰਦਰ ਤੇ ਬਾਹਰ ਸੰਘਰਸ਼ ਕਰਨਗੇ।