ਇਨਕਲਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਸੇਜਲ ਅੱਖਾਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਅੰਤਿਮ ਵਿਦਾਈ

ਇਨਕਲਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਸੇਜਲ ਅੱਖਾਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਅੰਤਿਮ ਵਿਦਾਈ

ਮਾਨਸਾ/ਬਿਊਰੋ ਨਿਊਜ਼ :
ਇਨਕਲਾਬੀ ਨਾਟਕਕਾਰ ਅਤੇ ਪੰਜਾਬੀ ਰੰਗਮੰਚ ਦੇ ਥੰਮ੍ਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਹਜ਼ਾਰਾਂ ਕਿਰਤੀਆਂ, ਕਿਸਾਨਾਂ ਤੇ ਕਲਮਕਾਰਾਂ ਦੇ ਕਾਫ਼ਲੇ ਨੇ ਨਮ ਅੱਖਾਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਅੰਤਿਮ ਵਿਦਾਈ ਦਿੱਤੀ।
ਪੰਜਾਬ ਦੇ ਕੋਨੇ-ਕੋਨੇ ‘ਚੋਂ ਪੁੱਜੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਤਬਕਿਆਂ ਤੋਂ ਇਲਾਵਾ ਵੱਖ-ਵੱਖ ਵੰਨਗੀ ਦੇ ਲੇਖਕਾਂ ਨੇ ਨਾਟਕਕਾਰ ਅਜਮੇਰ ਔਲਖ ਦੀ ਦੇਹ ਦੇ ਅੰਤਿਮ ਦਰਸ਼ਨ ਕੀਤੇ। ਦਰਜਨਾਂ ਜਨਤਕ, ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੇ ਆਪੋ-ਆਪਣੇ ਝੰਡਿਆਂ, ਮਾਟੋਆਂ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਕਾਫ਼ਲੇ ਦੇ ਰੂਪ ਵਿੱਚ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ। ਇਸ ਮਾਰਚ ਦੌਰਾਨ ਨਾਅਰਿਆਂ ਰਾਹੀਂ ਉਨ੍ਹਾਂ ਦੀ ਸੋਚ ‘ਤੇ ਡਟਣ ਦੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰੋ. ਔਲਖ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਤਿੰਨਾਂ ਧੀਆਂ ਸੁਪਨਦੀਪ, ਸੁਹਜਦੀਪ ਤੇ ਅਜਮੀਤ ਨੇ ਦਿੱਤਾ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਚਿਖਾ ਨੂੰ ਅਗਨੀ ਵੀ ਤਿੰਨਾਂ ਧੀਆਂ ਨੇ ਵਿਖਾਈ।
ਸਸਕਾਰ ਮੌਕੇ ਸਭਿਆਚਾਰਕ ਮੰਚ ਦੇ ਆਗੂ ਅਮੋਲਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡਾ ਸਿੰਘ ਜੇਠੂਕੇ, ਰਾਮ ਸਿੰਘ ਭੈਣੀਬਾਘਾ, ਬੀ.ਕੇ.ਯੂ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਡਾ. ਅਰੀਤ, ਸੀ.ਪੀ.ਆਈ (ਐਮ.ਐਲ) ਦੇ ਰਾਜਵਿੰਦਰ ਸਿੰਘ ਰਾਣਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੀ.ਕੇ.ਯੂ ਡਕੌਦਾ ਦੇ ਮਨਜੀਤ ਸਿੰਘ ਧਨੇਰ, ਐਸਜੀਪੀਸੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਹਰਸ਼ਰਨ ਕੌਰ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਸਾਹਿਬ ਸਿੰਘ, ਕਹਾਣੀਕਾਰ ਅਤਰਜੀਤ ਸਿੰਘ, ਕੇਵਲ ਧਾਲੀਵਾਲ, ਸੈਮੂਅਲ ਜੌਨ, ਡਾ. ਸੁਰਜੀਤ ਸਿੰਘ ਭੱਟੀ, ਡਾ. ਸਤਨਾਮ ਸਿੰਘ ਜੱਸਲ, ਪ੍ਰੋ. ਸਰਬਜੀਤ ਸਿੰਘ, ਡਾ. ਸੁਰਜੀਤ, ਪ੍ਰੋ. ਬਲਦੀਪ ਸਿੰਘ, ਸਵਰਨ ਸਿੰਘ ਵਿਰਕ, ਪ੍ਰੋ. ਮਨਜੀਤ ਸਿੰਘ, ਦਰਸ਼ਨ ਸਿੰਘ ਮਸਤਾਨਾ, ਜਸਪਾਲ ਮਾਨ ਖੇੜਾ, ਸੁਰਿੰਦਰ ਘਣੀਆ, ਨਰਭਿੰਦਰ, ਹਰਬੰਤ ਸਿੰਘ ਦਾਤੇਵਾਸ ਅਤੇ ਹੋਰ ਸਖ਼ਸ਼ੀਅਤਾਂ ਮੌਜੂਦ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ, ਸਭਿਆਚਾਰਕ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਐਸ.ਐਸ.ਪੀ. ਪਰਮਬੀਰ ਸਿੰਘ ਪਰਮਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਮਾਨਸਾ ਲਤੀਫ਼ ਅਹਿਮਦ ਨੇ ਪ੍ਰੋ. ਔਲਖ ਦੀ ਦੇਹ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋ. ਔਲਖ ਦੀ ਵੱਡੀ ਧੀ ਪ੍ਰੋ. ਸੁਪਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਅਤੇ ਕੇਂਦਰੀ ਲੇਖਕ ਸਭਾ ਵਲੋਂ ਸ਼ਰਧਾਂਜਲੀ ਸਮਾਗਮ ਨਵੀਂ ਦਾਣਾ ਮੰਡੀ, ਮਾਨਸਾ ਵਿੱਚ 25 ਜੂਨ ਨੂੰ ਕੀਤਾ ਜਾਵੇਗਾ। ਇਸ ਮੌਕੇ ਨਾ ਕੋਈ ਸਿਆਸੀ ਆਗੂ ਬੁਲਾਰਾ ਹੋਵੇਗਾ ਅਤੇ ਨਾ ਹੀ ਧਾਰਮਿਕ ਰਸਮਾਂ ਹੋਣਗੀਆਂ।