ਨਟੋਮਸ ਸੈਕਰਾਮੈਂਟੋ ਦੀਆਂ ਤੀਆਂ ‘ਚ ਗਿੱਧੇ, ਭੰਗੜੇ ਤੇ ਸਕਿੱਟਾਂ ਦੀਆਂ ਟੀਮਾਂ ਨੇ ਅਪਣੇ ਜੌਹਰ ਦਿਖਾਏ

ਨਟੋਮਸ ਸੈਕਰਾਮੈਂਟੋ ਦੀਆਂ ਤੀਆਂ ‘ਚ ਗਿੱਧੇ, ਭੰਗੜੇ ਤੇ ਸਕਿੱਟਾਂ ਦੀਆਂ ਟੀਮਾਂ ਨੇ ਅਪਣੇ ਜੌਹਰ ਦਿਖਾਏ

ਨਟੋਮਸ/ਹੁਸਨ ਲੜੋਆ ਬੰਗਾ:
ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਨਟੋਮਸ ਦੀਆਂ ਬੀਬੀਆਂ ਵੱਲੋਂ ਰਲ ਕੇ ਕਰਵਾਈਆਂ ਜਾਂਦੀਆਂ ਤੀਆਂ ਵਿਚ ਐਤਕਾਂ ਵੀ ਵੱਖ ਵੱਖ ਸਭਿਆਚਾਰਕ ਝਾਕੀਆਂ ਦੇ ਨਾਲ ਨਾਲ ਗਿੱਧਾ ਭੰਗੜਾ ਤੇ ਸਕਿੱਟਾਂ ਵੇਖਣ ਨੂੰ ਮਿਲੀਆਂ। ਫੇਰ ਪੁਆਇੰਟ ਸ਼ੈਰਟਨ ਹੋਟਲ ਦੇ ਹਾਲ ਵਿਚ ਕਰਵਾਈਆਂ ਇਨ੍ਹਾਂ ਤੀਆਂ ਦੀ ਤਿਆਰੀ ਕਰੀਬ ਢਾਈ ਮਹੀਨੇ ਤੋਂ ਚੱਲ ਰਹੀਆਂ ਸੀ। ਇਨ੍ਹਾਂ ਤੀਆਂ ਦੌਰਾਨ ਖਾਸ ਆਈਟਮਾਂ ‘ਚ ਗਿੱਧਾ ਪੰਜਾਬਣਾਂ ਦਾ, ਨਵਕਿਰਨ ਦੀ ਸੋਲੋ ਆਈਟਮ ਪਟਾਕੇ ਪਾਉਣ ਨੂੰ, ਮਹਿਕਾਂ ਦਾ ਸਿਰਨਾਵਾਂ, ਨਖਰੋ ਵਣਜਾਰਾ, ਮੋਨਾ ਖਾਨ ਕੰਪਨੀ, ਸਹੁਰਿਆਂ ਦਾ ਪਿੰਡ, ਦੇਸੀ ਜੁੰਬਾ ਸਕਿੱਟ, ਕੈਪੀਟਲ ਭੰਗੜਾ, ਪੂਨਮ ਮਲਹੋਤਰਾ ਦਾ ਗੀਤ, ਮਜ਼ਾਜਣਾਂ ਪੰਜਾਬ ਦੀਆਂ, ਲਾਡੋ ਸਕਿੱਟ, ਨਖਰਾ ਮਟਿਆਰਾਂ ਦਾ, ਭੰਗੜਾ ਮੀ ਅੱਪ, ਧੀਆਂ ਪੰਜਾਬ ਦੀਆਂ, ਨਟੋਮਸ ਧੜਕਣ ਤੋਂ ਇਲਾਵਾ ਬੀਬੀਆਂ ਦਾ ਲਾਈਵ ਗਿੱਧਾ ਬਹੁਤ ਆਕਰਸ਼ਕ ਰਿਹਾ।
ਸੈਕਰਾਮੈਂਟੋ ਵੈਲੀ ਵਿਚ ਆਪਣੀ ਅਵਾਜ਼ ਨਾਲ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਵਾਲੀ ਮਨਿੰਦਰ ਕੌਰ ਨੇ ਇਸ ਪ੍ਰੋਗਰਾਮ ਵਿਚ ਗੀਤ ਗਾ ਕੇ ਦਰਸ਼ਕ ਬੀਬੀਆਂ ਤੇ ਆਪਣਾ ਪ੍ਰਭਾਵ ਛੱਡਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐਜਲੀਕ ਐਸਬੀ, ਜੋ ਡਿਸਟ੍ਰਿਕ ਇਕ ਦੀ ਕੌਂਸਲ ਮੈਂਬਰ ਲਈ ਉਮੀਦਵਾਰ ਹੈ, ਨੇ ਉਚੇਚਾ ਸ਼ਮੂਲੀਅਤ ਕੀਤੀ। ਬੌਬੀ ਗੋਸਲ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮਾਗਮ ਨੂੰ ਤੱਖਰ ਮੈਡੀਕਲ ਸਪਾ ਤੇ ਬੌਬੀ ਗੋਸਲ ਵੱਲੋਂ ਸਪੌਂਸਰ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬੱਗਾ ਜਿਊਲਰ ਤੇ ਸ਼ੈਰਫ ਜਿਊਲਰ ਵੱਲੋਂ ਰੈਫਲ ਵੀ ਕੱਢੇ ਗਏ।
ਤੀਆਂ ਦੇ ਮੇਲੇ ‘ਚ ਕੱਪੜੇ, ਗਹਿਣੇ ਅਤੇ ਮਹਿੰਦੀ ਦੇ ਸਟਾਲ ਵੀ ਲਗਾਏ ਗਏ। ਸਟੇਜ ਦੀ ਕਾਰਵਾਈ ਬੀਬੀਆਂ ਨੇ ਰਲ ਕੇ ਚਲਾਈ। ਤੀਆਂ ਦੀਆਂ ਪ੍ਰਬੰਧਕ ਬੀਬੀਆਂ ਵਿਚ ਚਰਨਜੀਤ ਕੌਰ ਗਿੱਲ, ਸਰਬਜੀਤ ਕੌਰ, ਮਨਜੀਤ ਸਿਬੀਆ, ਨਿੰਦਰ ਸ਼ੋਕਰ, ਰਾਜ ਗਰੇਵਾਲ, ਦੀਪਾ ਬੰਗਾ, ਬਲਜੀਤ ਕੌਰ, ਰਣਜੀਤ ਕੌਰ, ਪੂਨਮ ਮਲਹੋਤਰਾ, ਮਨੀਸ਼ ਸ਼ਰਮਾ, ਮਨਜੀਤ ਕੌਰ ਗਰੇਵਾਲ, ਸੰਦੀਪ ਵਾਲੀਆ, ਮਨਪ੍ਰੀਤ ਕੌਰ ਦਿਓਲ ਤੇ ਹੋਰਨਾਂ ਨੇ ਤੀਆਂ ਵਿਚ ਭਾਰੀ ਗਿਣਤੀ ‘ਚ ਸ਼ਾਮਲ ਹੋਣ ਤੇ ਦਰਸ਼ਕ ਬੀਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੱਖਰ ਮੈਡੀਕਲ ਸਪਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਟਾਲ ਲਗਾਇਆ ਗਿਆ ਸੀ ਜਿਸਦਾ ਬੀਬੀਆਂ ਨੇ ਪੂਰਾ ਲਾਹਾ ਲਿਆ। ਤੀਆਂ ਵਿਚ ਸ਼ਾਮਿਲ ਕਲਾਕਾਰਾਂ, ਨੌਜਵਾਨ, ਬੱਚਿਆਂ ਤੇ ਕੁੜੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।